ਭਾਰਤ ਵਿੱਚ ਸਮਾਜਕ ਇਨਕਲਾਬ ਦੀ ਸ਼ੁਰੂਆਤ 1848 ਵਿੱਚ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਪੂਨਾ ਤੋਂ ਕੀਤੀ ਸੀ।
ਉਨ੍ਹਾਂ ਦੇਸ਼ ਦੀਆਂ ਔਰਤਾਂ ਅਤੇ SC/BC ਭਾਈਚਾਰੇ ਦੀ ਸਮਾਜਕ ਗ਼ੁਲਾਮੀ ਦਾ ਮੁਢਲਾ ਕਾਰਨ ਅਗਿਆਨਤਾ ਨੂੰ ਮੰਨਿਆ। ਇਸ ਨੂੰ ਦੂਰ ਕਰਨ ਦੇ ਲਈ, ਆਪਣੀ ਪਤਨੀ ਸਵਿੱਤਰੀਬਾਈ ਫੂਲੇ ਨਾਲ ਮਿਲਕੇ, ਦੇਸ਼ ਦਾ ਪਹਿਲਾਂ ਲੜਕੀਆਂ ਅਤੇ SC ਬੱਚਿਆਂ ਦਾ ਸਕੂਲ, ਪੂਨਾ ਵਿਖੇ ਖੋਲਿਆ। ਇਸ ਤਰ੍ਹਾਂ ਭਾਰਤ ਵਿੱਚ ਸਮਾਜਕ ਇਨਕਲਾਬ ਦਾ ਮੁੱਢ ਵੱਜਾ। ਮੀਡੀਆ ਰਾਹੀਂ ਇਸ ਲਹਿਰ ਨੂੰ ਮਜਬੂਤ ਕਰਨ ਲਈ ਸਾਡੇ ਸਮਾਜ ਦਾ ਪਹਿਲਾਂ ਅਖਬਾਰ “ਦਿਨ ਬੰਧੁ” ਉਨ੍ਹਾਂ ਨੇ ਹੀ ਸ਼ੁਰੂ ਕੀਤਾ ਸੀ। ਉਨ੍ਹਾਂ ਤੋਂ ਬਾਅਦ, ਇਸ ਲਹਿਰ ਦੀ ਅਗਵਾਈ, ਕੋਲ੍ਹਾਪੁਰ ਦੇ ਰਾਜਾ ਛਤ੍ਰਪਤੀ ਸ਼ਾਹੂ ਜੀ ਮਹਾਰਾਜ ਅਤੇ ਫਿਰ ਬਾਬਾਸਾਹਿਬ ਅੰਬੇਡਕਰ ਨੇ ਕੀਤੀ। ਬਾਬਾਸਾਹਿਬ ਨੇ ਵੀ ਆਪਣੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੀਡੀਆ ਦਾ ਸਹਾਰਾ ਲਿਆ। ਉਨ੍ਹਾਂ ਮੂਕਨਾਇਕ, ਬਹਿਸ਼ਕਰਿਤ ਭਾਰਤ, ਜਨਤਾ, ਸਮਤਾ ਅਤੇ ਪ੍ਰਬੁੱਧ ਭਾਰਤ ਵਰਗੇ ਅਖਬਾਰ ਸ਼ੁਰੂ ਕਿਤੇ। ਪੰਜਾਬ ਵਿੱਚ ਜਦੋਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੀ ਅਗਵਾਈ ‘ਚ “ਆਦਿ ਧਰਮ” ਲਹਿਰ ਚੱਲੀ ਤਾਂ ਉਨ੍ਹਾਂ ਵੀ “ਆਦਿ ਡੰਕਾ” ਅਖਬਾਰ ਸ਼ੁਰੂ ਕੀਤਾ। ਅਜੋਕੇ ਸਮੇਂ ‘ਚ ਸਾਹਿਬ ਕਾਂਸ਼ੀ ਰਾਮ, ਇਸ ਲਹਿਰ ਦੀ ਅਗਵਾਈ ਕਰਨ ਲਈ ਅੱਗੇ ਆਏ। ਉਨ੍ਹਾਂ “Oppressed Indian” ਨਾਮ ਦੇ ਇੱਕ ਮਹੀਨਾਵਾਰ ਰਸਾਲੇ ਤੋਂ ਸ਼ੁਰੂ ਕਰਕੇ, ਫਿਰ ਬਹੁਜਨ ਸੰਗਠਕ, ਬਹੁਜਨ ਨਾਇਕ, ਬਹੁਜਨ ਸੰਦੇਸ਼, ਬਹੁਜਨ ਟਾਈਮਸ ਵਰਗੇ ਅਨੇਕਾਂ ਹੀ ਅਖਬਾਰ ਸ਼ੁਰੂ ਕਿਤੇ।
ਲੇਕਿਨ 9 ਅਕਟੂਬਰ 2006 ਨੂੰ ਸਾਹਿਬ ਕਾਂਸ਼ੀ ਰਾਮ ਦੇ ਪਰਿਨਿਰਵਾਣ ਤੋਂ ਬਾਅਦ ਇਸ ਲਹਿਰ ਨੂੰ ਮੀਡੀਆ ਰਾਹੀਂ ਲੋਕਾਂ ਤਕ ਪਹੁੰਚਾਉਣ ਦਾ ਕੰਮ ਠਹਿਰ ਗਿਆ। ਅੱਜ ਮੀਡੀਆ; ਪ੍ਰਿੰਟ, ਈਲੈਕਟਰੋਨਿਕ ਤੋਂ ਹੁੰਦਾ ਹੋਇਆ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੇ ਰੂਪ ਵਿੱਚ ਸਥਾਪਿਤ ਹੋ ਚੁੱਕਿਆ ਹੈ। ਸੋਸ਼ਲ ਮੀਡੀਆ ਰਾਹੀਂ ਅੱਜ ਬਹੁਤ ਸਾਰੇ ਲੋਕ ਨਿੱਜੀ ਤੌਰ ਤੇ ਇਸ ਲਹਿਰ ਨਾਲ ਜੁੜੇ ਪੱਖ ਲੋਕਾਂ ਦਾ ਸਾਹਮਣੇ ਰੱਖ ਰਹੇ ਹਨ, ਲੇਕਿਨ ਜੱਥੇਬੰਦ ਤੌਰ ਤੇ ਮੀਡੀਆ ਦੇ ਖੇਤਰ ਵਿੱਚ ਅੱਜ ਸਾਡਾ ਸਮਾਜ ਪੱਛੜ ਗਿਆ ਹੈ। ਬਦਲਦੇ ਇਸ ਦੌਰ ‘ਚ ਪੰਜਾਬ ਵਿੱਚ ਮੀਡੀਆ ਰਾਹੀਂ ਸਮਾਜਕ ਇਨਕਲਾਬ ਦੀ ਲਹਿਰ ਨੂੰ ਮਜਬੂਤ ਕਰਨ ਦੇ ਲਈ, 9 ਅਕਟੂਬਰ 2024 ਸਾਹਿਬ ਕਾਂਸ਼ੀ ਰਾਮ ਦੇ ਪਰਿਨਿਰਵਾਣ ਦਿਵਸ ਦੇ ਮੌਕੇ ਤੇ www.jagriti.net ਵੈੱਬਸਾਈਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਉੱਪਰ ਅਸੀਂ ਰਾਸ਼ਟਰਪਿਤਾ ਜੋਤੀਰਾਓ ਫੂਲੇ, ਰਾਸ਼ਟਰਮਾਤਾ ਸਵਿੱਤਰੀਬਾਈ ਫੂਲੇ, ਬਾਬਾਸਾਹਿਬ ਅੰਬੇਡਕਰ, ਸਾਹਿਬ ਕਾਂਸ਼ੀ ਰਾਮ ਅਤੇ ਸਾਡੇ ਅਨੇਕਾਂ ਹੀ ਮਹਾਂਪੁਰਸ਼ਾਂ ਦੇ ਜੀਵਨ, ਸੰਘਰਸ਼ ਅਤੇ ਵਿਚਾਰਾਂ ਦਾ ਪ੍ਰਚਾਰ ਕਰਾਂਗੇ। www.jagriti.net ਰਾਹੀਂ ਅਸੀਂ ਸਾਡੇ ਸਮਾਜ ਦੇ ਬੁੱਧੀਜੀਵੀਆਂ, ਲਿਖਾਰੀਆਂ, ਕਵੀਆਂ ਦੇ ਲੇਖ, ਆਪਣੇ ਸਮਾਜ ਤੱਕ ਪਹੁੰਚਾਵਾਂਗੇ।
ਉਮੀਦ ਹੈ Jagriti.Net ਨੂੰ ਸਾਡੇ ਸਮਾਜ ਦਾ ਭਰਵਾਂ ਹੁੰਗਾਰਾ ਮਿਲੇਗਾ ਅਤੇ ਅਸੀਂ ਆਪਣੇ ਮਹਾਂਪੁਰਸ਼ਾਂ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਅਤੇ ਪੰਜਾਬ ਵਿੱਚ ਸਮਾਜਕ ਇਨਕਲਾਬ ਦੀ ਲਹਿਰ ਨੂੰ ਮਜਬੂਤ ਕਰਨ ਵਿੱਚ ਸਫਲ ਹੋਵਾਂਗੇ।
ਸਤਵਿੰਦਰ ਮਦਾਰਾ