jagriti.net

[gtranslate]

ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣਾ ਜਰੂਰੀ।

9 ਅਕਟੂਬਰ 2024 ਨੂੰ ਸਾਹਿਬ ਕਾਂਸ਼ੀ ਰਾਮ ਨੂੰ ਪਰਿਨਿਰਵਾਣ ਪ੍ਰਾਪਤ ਹੋਏ 18 ਸਾਲ ਹੋਣ ਜਾ ਰਹੇ ਹਨ।

ਉਨ੍ਹਾਂ ਦਾ ਜਨਮ 15 ਮਾਰਚ 1934 ਨੂੰ ਪੰਜਾਬ ਦੇ ਰੂਪਨਗਰ(ਰੋਪੜ) ਜਿਲ੍ਹੇ ਦੇ ਪ੍ਰਿਥੀਪੁਰ ਬੁੰਗਾ ਸਾਹਿਬ ਵਿਖੇ, ਆਪਣੇ ਨਾਨਕੇ ਘਰ ਹੋਇਆ। ਉਨ੍ਹਾਂ ਦਾ ਪਿੰਡ ਖੁਆਸਪੁਰ, ਜਿਲ੍ਹਾ ਰੂਪਨਗਰ ਸੀ।ਸਾਹਿਬ ਕਾਂਸ਼ੀ ਰਾਮ ਦਾ ਬਚਪਨ ਆਪਣੇ ਪਿੰਡ ‘ਚ ਗੁਜਰਿਆ। ਸਕੂਲੀ ਪੜ੍ਹਾਈ ਦੇ ਬਾਅਦ ਉਨ੍ਹਾਂ ਸਰਕਾਰੀ ਕੋਲੇਜ, ਰੂਪਨਗਰ ਤੋਂ B.Sc. ਕੀਤੀ।ਫਿਰ ਉਹ ਪੂਨਾ ਦੇ DRDO(ਫੌਜ ਦਾ ਅਸਲਾ ਤਿਆਰ ਕਰਨ ਵਾਲਾ ਅਦਾਰਾ) ਵਿਖੇ ਇੱਕ ਵਿਗਿਆਨਕ ਖੋਜ ਅਫਸਰ ਦੇ ਤੌਰ ਤੇ ਨਿਜੁਕਤ ਹੋਏ।ਲੇਕਿਨ ਓਥੇ ਵਾਪਰੀਆਂ ਕੁੱਝ ਘਟਨਾਵਾਂ ਨੇ ਉਨ੍ਹਾਂ ਨੂੰ ਬਾਬਾਸਾਹਿਬ ਦੇ ਮਿਸ਼ਨ ਨਾਲ ਜੋੜਤਾ। DRDO ਵਿਖੇ ਬੁੱਧ ਅਤੇ ਬਾਬਾਸਾਹਿਬ ਜਯੰਤੀ ਦੀਆਂ ਛੁੱਟੀਆਂ ਰੱਦ ਕਰਤੀਆਂ ਗਈਆਂ।  ਇਸ ਦੇ ਖਿਲਾਫ ਰਾਜਸਥਾਨ ਦੇ ਦੀਨਾ ਭਾਣਾ ਨੇ ਸੰਘਰਸ਼ ਕੀਤਾ ਤਾਂ ਸਾਹਿਬ ਕਾਂਸ਼ੀ ਰਾਮ ਉਨ੍ਹਾਂ ਦੀ ਮੱਦਦ ਲਈ ਅੱਗੇ ਆਏ। ਜਲਦ ਹੀ ਬਾਬਾਸਾਹਿਬ ਦੀ ਇਤਿਹਾਸਕ ਕਿਤਾਬ “ਜਾਤ ਦਾ ਖਾਤਮਾ” ਉਨ੍ਹਾਂ ਦੇ ਹੱਥ ਲੱਗੀ। ਇਸ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਦੇਸ਼ ਦੀ 85% ਆਬਾਦੀ; ਜਿਸਨੂੰ SC, BC, ST ਦੇ ਨਾਮ ਨਾਲ ਜਾਣਿਆਂ ਜਾਂਦਾ ਹੈ; ਅੱਜ ਵੀ ਸਮਾਜਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਤੌਰ ਤੇ ਗ਼ੁਲਾਮ ਹਨ। ਉਨ੍ਹਾਂ ਤਹਿਅਇਆ ਕੀਤਾ ਕਿ ਹੁਣ ਆਪਣਾ ਸਾਰਾ ਜੀਵਨ ਬਾਬਾਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਕਰਨਗੇ ਤਾਕਿ ਇਨ੍ਹਾਂ ਵਰਗਾ ਨੂੰ ਅਜਾਦ ਕਰਵਾ ਸਕਣ। ਉਹ ਬਾਬਾਸਾਹਿਬ ਦੀ ਬਣਾਈ ਹੋਈ RPI ਵਿੱਚ ਕੰਮ ਕਰਨ ਲੱਗੇ। ਲੇਕਿਨ ਜਲਦ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ RPI ਦੇ ਆਗੂ, ਬਾਬਾਸਾਹਿਬ ਦੇ ਮਿਸ਼ਨ ਨੂੰ ਨਹੀਂ ਬਲਕਿ ਆਪਣੇ ਨਿੱਜੀ ਮਿਸ਼ਨ ਨੂੰ ਹੀ ਪੂਰਾ ਕਰਨ ਵਿੱਚ ਲੱਗੇ ਸੀ। 1971 ਵਿੱਚ ਪੂਨਾ ਵਿਖੇ RPI ਦਾ ਕਾਂਗਰਸ ਨਾਲ ਸਮਝੌਤਾ ਹੋਇਆ। ਉਨ੍ਹਾਂ ਲੋਕ ਸਭਾ ਦੀਆਂ 521 ਸੀਟਾਂ ਵਿੱਚੋਂ 520 ਸੀਟਾਂ,  ਕਾਂਗਰਸ ਦੀ ਝੋਲੀ ਪਾ ਦਿੱਤੀਆ ਅਤੇ ਸਿਰਫ਼ ਇੱਕ ਹੀ ਸੀਟ RPI ਵਾਸਤੇ ਲਈ। ਸਾਹਿਬ ਕਾਂਸ਼ੀ ਰਾਮ ਓਥੇ ਮੌਜੂਦ ਸਨ। ਉਨ੍ਹਾਂ ਨੂੰ ਲੱਗਿਆ ਕਿ ਬਾਬਾਸਾਹਿਬ ਦਾ ਮਿਸ਼ਨ ਹੁਣ RPI ਰਾਹੀਂ ਕਦੇ ਪੂਰਾ ਨਹੀਂ ਹੋ ਸਕੇਗਾ। ਉਨ੍ਹਾਂ ਨੇ ਉਸੇ ਦਿਨ RPI ਛੱਡਤੀ। ਦੁਬਾਰਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੇ RPI ਦੇ ਅਸਫਲ ਹੋਣ ਦੇ ਕਾਰਨ ਲੱਭਣੇ ਸ਼ੁਰੂ ਕਿਤੇ। ਉਹ ਇਸ ਸਿੱਟੇ ਤੇ ਪਹੁੰਚੇ ਕਿ ਬਾਬਾਸਾਹਿਬ ਦਾ ਮਿਸ਼ਨ Dynamic ਸੀ ਯਾਨੀ ਕਿ ਸਮੇਂ ਦਾ ਨਾਲ-ਨਾਲ ਉਹ ਇਸਨੂੰ ਬਦਲਦੇ ਰਹਿੰਦੇ ਸਨ। ਮਿਸ਼ਨ ਓਹੀ ਹੁੰਦਾ ਸੀ, ਲੇਕਿਨ ਇਸ ਨੂੰ ਚਲਾਉਣ ਲਈ ਬਨਾਈਆਂ ਗਈਆਂ ਸੰਸਥਾਵਾਂ, ਅਖਬਾਰਾਂ ਦੇ ਨਾਮ ਅਤੇ ਹੋਰ ਚੀਜ਼ਾਂ, ਉਹ ਮੌਕੇ ਦੇ ਹਿਸਾਬ ਨਾਲ ਬਦਲਦੇ ਰਹਿੰਦੇ। ਜਿਵੇਂ ਉਨ੍ਹਾਂ ਨੇ ਪਹਿਲਾਂ Independent Labour Party ਬਣਾਈਂ, ਫਿਰ ਇਸ ਦਾ ਨਾਮ ਬਦਲ ਕੇ Scheduled Caste Federation ਰੱਖਤਾ। ਆਪਣੇ ਆਖਰੀ ਸਮੇਂ ਇਸ ਦਾ ਨਾਮ Republican Party of India ਕੀਤਾ। ਠੀਕ ਇਸੇ ਤਰ੍ਹਾਂ ਉਨ੍ਹਾਂ ਨੇ ਮੀਡੀਆ ਵਿੱਚ “ਮੂਕਨਾਇਕ” ਅਖਬਾਰ ਤੋਂ ਸ਼ੁਰੂਆਤ ਕੀਤੀ। ਇਸ ਨੂੰ “ਬਹਿਸ਼ਕਰਿਤ ਭਾਰਤ” ਵਿੱਚ ਬਦਲਿਆ। ਫਿਰ “ਜਨਤਾ”, “ਸਮਤਾ” ਅਤੇ ਅਖੀਰ ‘ਚ “ਪ੍ਰਬੁੱਧ ਭਾਰਤ” ਨਾਮ ਤੋਂ ਅਖਬਾਰ ਚਲਾਏ। ਸਾਹਿਬ ਕਾਂਸ਼ੀ ਰਾਮ ਨੇ ਵੇਖਿਆ ਕਿ ਬਾਬਾਸਾਹਿਬ ਦੇ ਬਾਅਦ, ਇਸ ਲਹਿਰ ਦੀ ਅਗਵਾਈ ਕਰਨ ਵਾਲੇ ਆਗੂ ਇਸ ਨੂੰ Dynamic ਨਹੀਂ ਰੱਖ ਸਕੇ। ਉਹ, ਬਾਬਾਸਾਹਿਬ ਦੇ ਮਿਸ਼ਨ ਨੂੰ, ਜਿੱਥੇ ਉਹ ਇਸ ਨੂੰ ਛੱਡ ਕੇ ਗਏ ਸੀ, ਉਸ ਤੋਂ ਵੀ ਹੇਠਾਂ ਲੈ ਗਏ। ਸਾਹਿਬ ਕਾਂਸ਼ੀ ਰਾਮ ਨੇ ਬਾਬਾਸਾਹਿਬ ਦੀ ਲਹਿਰ ਵਿੱਚ Dynamism ਨੂੰ ਮੁੜ ਸੁਰਜੀਤ ਕੀਤਾ। ਆਪਣੇ ਪਹਿਲੇ ਸੰਗਠਨ ਦਾ ਨਾਮ BAMCEF ਰੱਖਿਆ। ਫਿਰ DS-4 ਬਣਾਈ ਅਤੇ ਅਖੀਰ ‘ਚ BSP. ਉਨ੍ਹਾਂ ਮੀਡੀਆ ਦੀ ਸ਼ੁਰੂਆਤ “Oppressed Indian” ਤੋਂ ਕੀਤੀ ਫਿਰ “ਬਹੁਜਨ ਸੰਗਠਕ”, “ਬਹੁਜਨ ਨਾਇਕ”, “ਬਹੁਜਨ ਸੰਦੇਸ਼” ਵਰਗੇ ਅਨੇਕਾਂ ਹੀ ਅਖਬਾਰ ਸ਼ੁਰੂ ਕਿਤੇ। RPI ਦੀ ਅਸਫ਼ਲਤਾ ਦਾ ਦੂਜਾ ਵੱਡਾ ਕਾਰਨ ਜੋ ਉਨ੍ਹਾਂ ਨੂੰ ਨਜ਼ਰ ਆਇਆ, ਉਹ ਸੀ ਕਿ ਕਿਸੇ ਵੀ ਸਮਾਜ ਨੂੰ ਰਾਜਨੀਤੀ ਵਿੱਚ ਕਾਮਯਾਬ ਹੋਣ ਵਾਸਤੇ, ਉਸ ਦੀਆਂ ਗੈਰ-ਰਾਜਨੀਤਿਕ ਜੜਾਂ ਮਜਬੂਤ ਹੋਣੀਆਂ ਚਾਹੀਦੀਆਂ ਹਨ। ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ, “ਜਦੋਂ ਮੈਂ ਆਪਣੇ ਸਮਾਜ ਦੀਆਂ ਗੈਰ-ਰਾਜਨੀਤਿਕ ਜੜਾਂ ਨੂੰ ਲੱਭਣ ਨਿਕਲਿਆ ਤਾਂ ਮੈਨੂੰ ਜੜਾਂ ਹੀ ਨਹੀਂ ਲੱਭੀਆਂ। ਇਸ ਕਰਕੇ ਮੇਰੇ ਜੀਵਨ ਦਾ ਕਾਫੀ ਲੰਬਾ ਸਮਾਂ ਪਹਿਲਾਂ ਆਪਣੇ ਸਮਾਜ ਦੀਆਂ ਗੈਰ-ਰਾਜਨੀਤਿਕ ਜੜਾਂ ਨੂੰ ਲਗਾਉਣ ਅਤੇ ਫਿਰ ਉਨ੍ਹਾਂ ਨੂੰ ਮਜਬੂਤ ਕਰਨ ਵਿੱਚ ਹੀ ਗੁਜਰਿਆ।” ਇਸੇ ਮਕਸਦ ਲਈ ਉਨ੍ਹਾਂ ਨੇ ਆਪਣੇ ਸੰਘਰਸ਼ ਦੀ ਸ਼ੁਰੂਆਤ BAMCEF ਜੱਥੇਬੰਦੀ ਤੋਂ ਕੀਤੀ। ਇਸ ਦਾ ਟੀਚਾ ਸਮਾਜ ਦੀਆਂ ਗੈਰ-ਰਾਜਨੀਤਿਕ ਜੜਾਂ ਨੂੰ ਮਜਬੂਤ ਕਰ ਪਹਿਲਾਂ ਸਮਾਜਕ ਪਰਿਵਰਤਨ ਕਰਨਾ ਸੀ। ਫਿਰ ਉਨ੍ਹਾਂ ਨੇ ਇਸ ਲਹਿਰ ਨੂੰ ਰਾਜਨੀਤਿਕ ਪਰਿਵਰਤਨ ਵੱਲ ਮੋੜਿਆ। ਸੰਘਰਸ਼ ਵਾਸਤੇ DS-4 ਬਣਾਈ ਅਤੇ ਫਿਰ ਚੋਣਾਂ ਲੜਨ ਲਈ BSP. ਕੁੱਝ ਹੀ ਵਰ੍ਹਿਆ ‘ਚ, ਉਹ 1984 ਤੋਂ ਸ਼ੁਰੂ ਕਰਕੇ 1994 ਵਿੱਚ ਮੁਲਾਇਮ ਸਿੰਘ ਯਾਦਵ ਨਾਲ ਉੱਤਰ ਪ੍ਰਦੇਸ਼ ‘ਚ ਸਰਕਾਰ ਬਨਾਉਣ ‘ਚ ਕਾਮਯਾਬ ਹੋਏ। 1995 ਵਿੱਚ ਉਨ੍ਹਾਂ ਨੇ BSP ਦੀ ਸਰਕਾਰੀ ਬਣਾਈ। 1996 ਦੀਆਂ ਲੋਕ ਸਭਾ ਵਿੱਚ ਕਈ MP; ਪੰਜਾਬ, ਉੱਤਰ ਪ੍ਰਦੇਸ਼ ਅਤੇ ਮਧਿਆ ਪ੍ਰਦੇਸ਼ ਤੋਂ ਜਿਤਵਾਏ। 2004 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਐਲਾਨ ਕੀਤਾ ਕਿ ਦੇਸ਼ ਵਿੱਚ ਭਾਰੀ ਰਾਜਨੀਤਿਕ ਪਰਿਵਰਤਨ ਹੋਣ ਜਾ ਰਿਹਾ ਹੈ ਅਤੇ ਉਹ ਬਹੁਜਨ ਸਮਾਜ ਨੂੰ ਦੇਸ਼ ਦਾ ਹੁਕਮਰਾਨ ਬਨਾਉਣਗੇ। ਇਸੇ ਦੌਰਾਨ ਉਨ੍ਹਾਂ ਨੇ ਧਾਰਮਿਕ ਪਰਿਵਰਤਨ ਲਈ ਵੀ ਇੱਕ ਵੱਢੀ ਘੋਸ਼ਣਾ ਕੀਤੀ। 14 ਅਕਟੂਬਰ 1956 ਨੂੰ ਬਾਬਾਸਾਹਿਬ ਨੇ ਨਾਗਪੁਰ ਵਿਖੇ ਆਪਣੇ ਲੱਖਾਂ ਲੋਕਾਂ ਨਾਲ ਹਿੰਦੂ ਧਰਮ ਛੱਡ ਕੇ ਬੁੱਧ ਧੱਮ ਅਪਣਾ ਲਿਆ ਸੀ। 14 ਅਕਟੂਬਰ 2006 ਨੂੰ ਇਸ ਦੀ ਗੋਲਡਨ ਜੁਬਲੀ ਹੋਣ ਵਾਲੀ ਸੀ। ਸਾਹਿਬ ਕਾਂਸ਼ੀ ਰਾਮ ਨੇ ਇਸ ਮੌਕੇ ਤੇ ਲਖਨਊ ਵਿਖੇ ਉੱਤਰ ਪ੍ਰਦੇਸ਼ ਦੇ ਦੋ ਕਰੋੜ ਚਮਾਰਾਂ ਨਾਲ ਹਿੰਦੂ ਧਰਮ ਛੱਡ ਕੇ ਬੁੱਧ ਧੱਮ ਅਪਨਾਉਣ ਦਾ ਐਲਾਨ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਪਹਿਲਾਂ ਸਮਾਜਕ ਪਰਿਵਰਤਨ ਫਿਰ ਰਾਜਨੀਤਿਕ ਪਰਿਵਰਤਨ ਅਤੇ ਅਖੀਰ ‘ਚ ਧਾਰਮਿਕ ਪਰਿਵਰਤਨ ਦਾ ਨਿਸ਼ਾਨਾ ਰੱਖਿਆ। ਲੇਕਿਨ ਅਫਸੋਸ ਕਿ 15 ਸਿਤੰਬਰ 2003 ਨੂੰ ਟ੍ਰੇਨ ਰਾਹੀਂ ਹੈਦਰਾਬਾਦ ਜਾਂਦੇ ਹੋਏ ਉਹ ਸਖਤ ਬਿਮਾਰ ਹੋਏ। ਫਿਰ ਉਹ ਕਦੇ ਜਨਤਕ ਜੀਵਨ ਵਿੱਚ ਵਾਪਸੀ ਨਹੀਂ ਕਰ ਸਕੇ। ਕਈ ਸਾਲ ਬਿਮਾਰ ਰਹਿਣ ਦੇ ਬਾਅਦ 9 ਅਕਟੂਬਰ 2006 ਨੂੰ ਉਨ੍ਹਾਂ ਨੂੰ ਪਰਿਨਿਰਵਾਣ ਪ੍ਰਾਪਤ ਹੋਇਆ। ਅੱਜ ਉਨ੍ਹਾਂ ਦੇ ਜਾਣ ਦੇ ਦੋ ਦਹਾਕਿਆਂ ਬਾਅਦ, ਉਨ੍ਹਾਂ ਦੇ ਸਮਾਜਕ ਪਰਿਵਰਤਨ ਲਈ ਸ਼ੁਰੂ ਕੀਏ ਗਏ ਸੰਗਠਨ BAMCEF ਦੇ ਕਈ ਟੁਕੜੇ ਹੋ ਚੁੱਕੇ ਹਨ। ਇਹ ਸਿਲਸਿਲਾ ਹਜੇ ਵੀ ਜਾਰੀ ਹੈ। DS-4 ਨੂੰ ਉਨ੍ਹਾਂ ਨੇ ਬਦਲ ਕੇ BSP ਦਾ ਰੂਪ ਦੇ ਦਿੱਤਾ ਸੀ। ਲੇਕਿਨ ਇਸੇ ਸਾਲ ਹੋਇਆ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਜਨੀਤਿਕ ਪਰਿਵਰਤਨ ਲਈ ਬਣਾਇਆ ਗਿਆ ਉਨ੍ਹਾਂ ਦਾ ਇਹ ਦੂਸਰਾ ਸੰਗਠਨ ਵੀ ਸਿਫਰ ਤੇ ਚਲਾ ਗਿਆ। ਧਾਰਮਿਕ ਪਰਿਵਰਤਨ ਲਈ ਸਾਹਿਬ ਨੇ ਕੋਈ ਸੰਗਠਨ ਤਾਂ ਨਹੀਂ ਬਣਾਇਆ, ਲੇਕਿਨ ਉਹ ਇੱਕ ਵੱਡੀ ਲਹਿਰ ਖੜੀ ਕਰਨ ਦੇ ਲਈ ਯਤਨਸ਼ੀਲ ਸਨ। ਉਨ੍ਹਾਂ ਦੇ 14 ਅਕਟੂਬਰ 2006 ਤੋਂ ਠੀਕ ਪੰਜ ਦਿਨ ਪਹਿਲਾਂ 9 ਅਕਟੂਬਰ ਨੂੰ ਹੋਏ ਪਰਿਨਿਰਵਾਣ ਦੇ ਕਾਰਨ, ਇਹ ਕਾਰਜ ਵੀ ਅਧੂਰਾ ਹੀ ਰਹਿ ਗਿਆ। ਇਨ੍ਹਾਂ ਹਾਲਾਤਾਂ ਵਿੱਚ ਅੱਜ ਇੱਕ ਵਾਰ ਫਿਰ ਲੋੜ ਹੈ ਕਿ ਸਮਾਜ ਵਿੱਚੋਂ ਸਾਹਿਬ ਕਾਂਸ਼ੀ ਰਾਮ ਵਾਂਗ ਵਰਗੇ ਸੱਚੇ, ਸੂਝਵਾਨ ਅਤੇ ਤਿਆਗੀ ਨੌਜਵਾਨ ਅੱਗੇ ਆਉਣ। ਉਹ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਵਾਸਤੇ ਸੰਘਰਸ਼ ਦਾ ਰਸਤਾ ਅਪਨਾਉਣ ਤਾਕਿ ਹਜ਼ਾਰਾਂ ਸਾਲਾਂ ਤੋਂ ਸਮਾਜਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਤੌਰ ਤੇ ਪੱਛੜਿਆ ਹੋਇਆ ਸਾਡਾ ਸਮਾਜ, ਬਰਾਬਰੀ ਅਤੇ ਅਜਾਦੀ ਦਾ ਨਿੱਘ ਮਾਨ ਸਕੇ।

ਸਾਹਿਬ ਕਾਂਸ਼ੀ ਰਾਮ ਦੇ 18ਵੇ ਪਰਿਨਿਰਵਾਣ ਦਿਵਸ ਦੇ ਮੌਕੇ ਤੇ ਇਹੋ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਸਤਵਿੰਦਰ ਮਦਾਰਾ

Leave a Comment

Your email address will not be published. Required fields are marked *

Scroll to Top