ਅੱਜ ਸਾਡੇ ਸਮਾਜ ਵਿੱਚ ਇਹ ਚਰਚਾ ਦਾ ਵਿਸ਼ਾ ਹੈ ਕਿ ਸਾਨੂੰ ਵਿਚਾਰਧਾਰਾ, ਅਗਵਾਈ ਅਤੇ ਸੰਗਠਨ; ਇਨ੍ਹਾਂ ਵਿੱਚੋਂ ਕਿਸ ਨਾਲ ਜੁੜਨਾ ਚਾਹੀਦਾ ਹੈ ?
ਕਈ ਲੋਕਾਂ ਦਾ ਮੰਨਣਾ ਹੈ ਕਿ ਸਾਨੂੰ ਵਿਚਾਰਧਾਰਾ ਨਾਲ ਜੁੜਨਾ ਚਾਹੀਦਾ ਹੈ, ਕੁੱਝ ਸੋਚਦੇ ਹਨ ਕਿ ਸਭ ਤੋਂ ਅਹਿਮ ਤਾਂ ਅਗਵਾਈ ਹੁੰਦੀ ਹੈ ਅਤੇ ਕਈ ਕਹਿੰਦੇ ਹਨ ਕਿ ਸਾਨੂੰ ਸੰਗਠਨ ਨਾਲ ਜੁੜਨਾ ਚਾਹੀਦਾ ਹੈ। ਵੱਖ-ਵੱਖ ਲੋਕਾਂ ਦੀ ਇਸ ਉੱਪਰ ਵੱਖ-ਵੱਖ ਰਾਏ ਹੈ।
ਭਾਰਤ ਵਿੱਚ ਫੈਲਾਈ ਗਈ ਗੈਰ-ਮਨੁੱਖੀ ਜਾਤ-ਪਾਤ ਦੇ ਖਿਲਾਫ 2500 ਸਾਲ ਪਹਿਲਾਂ ਤਥਾਗੱਤ ਬੁੱਧ, ਮੱਧ ਕਾਲ ਵਿੱਚ ਸਤਿਗੁਰੂ ਕਬੀਰ, ਸਤਿਗੁਰੂ ਰਵਿਦਾਸ ਅਤੇ ਅਜੋਕੇ ਸਮੇਂ ਵਿੱਚ ਰਾਸ਼ਟਰਪਿਤਾ ਜੋਤੀਰਾਓ ਫੂਲੇ, ਬਾਬਾਸਾਹਿਬ ਅੰਬੇਡਕਰ, ਸਾਹਿਬ ਕਾਂਸ਼ੀ ਰਾਮ ਅਤੇ ਅਨੇਕਾਂ ਹੋਰ ਰਹਿਬਰਾਂ ਨੇ ਸੰਘਰਸ਼ ਕੀਤਾ।
ਸਭ ਨੇ ਸਾਨੂੰ ਇੱਕ ਵਿਚਾਰਧਾਰਾ ਦਿੱਤੀ ਅਤੇ ਅਨੇਕਾਂ ਹੀ ਸੰਗਠਨ ਵੀ ਬਣਾਏ।
ਲੇਕਿਨ ਅੱਜ ਉਹ ਮਹਾਂਪੁਰੁਸ਼ ਸਾਡੇ ਵਿਚਕਾਰ ਮੌਜੂਦ ਨਹੀਂ ਹਨ, ਉਨ੍ਹਾਂ ਵੱਲੋਂ ਬਣਾਏ ਗਏ ਸੰਗਠਨ ਵੀ ਜਿਆਦਾਤਰ ਖਤਮ ਹੋ ਚੁੱਕੇ ਹਨ, ਜੋ ਚੀਜ਼ ਸਾਡੇ ਕੋਲ ਹੈ ਉਹ ਹੈ ਉਨ੍ਹਾਂ ਦੀ ਵਿਚਾਰਧਾਰਾ।
ਇਹ ਵਿਚਾਰਧਾਰਾ ਹੀ ਹੈ, ਜੋ ਸਾਨੂੰ ਦੱਸਦੀ ਹੈ ਕਿ ਸਾਡੇ ਮਹਾਂਪੁਰਸ਼ਾਂ ਦਾ ਮਕਸਦ ਕੀ ਸੀ। ਉਹ ਕਿਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਸਨ। ਜੇਕਰ ਸਾਨੂੰ ਉਨ੍ਹਾਂ ਦੀ ਵਿਚਾਰਧਾਰਾ ਦਾ ਹੀ ਪਤਾ ਨਹੀਂ ਹੋਵੇਗਾ ਤਾਂ ਸਾਨੂੰ ਇਹ ਕਿਵੇਂ ਪਤਾ ਚੱਲੇਗਾ ਕਿ ਅਸੀਂ ਜਾਣਾ ਕਿੱਥੇ ਹੈ ਅਤੇ ਓਥੇ ਕਿਵੇਂ ਪਹੁੰਚਣਾ ਹੈ।
ਜਦ ਕਿਸੇ ਵਿਚਾਰਧਾਰਾ ਨੂੰ ਸਮਾਜ ਵਿੱਚ ਫੈਲਾਉਣ ਲਈ ਕੋਈ ਆਗੂ ਤਿਆਰ ਹੁੰਦਾ ਹੈ ਤਾਂ ਫਿਰ ਉਹ ਆਪਣੇ ਨਾਲ ਕੰਮ ਕਰਨ ਲਈ ਇੱਕ ਸੰਗਠਨ ਬਣਾਉਂਦਾ ਹੈ। ਫਿਰ ਇਸ ਤਰ੍ਹਾਂ ਉਸ ਦੀ ਯੋਗ ਅਗਵਾਈ ਵਿੱਚ ਉਹ ਸੰਗਠਨ, ਆਪਣੇ ਮਹਾਂਪੁਰੁਸ਼ ਦੀ ਵਿਚਾਰਧਾਰਾ ਦਾ ਸਮਾਜ ਵਿੱਚ ਪ੍ਰਚਾਰ ਕਰਦਾ ਹੈ। ਇਸ ਤਰ੍ਹਾਂ ਸਮਾਜ ਦੀ ਸੋਚ ਬਦਲਦੀ ਹੈ ਅਤੇ ਇੱਕ ਨਵੇਂ ਸਮਾਜ ਦੀ ਉਸਾਰੀ ਹੁੰਦੀ ਹੈ। ਲੇਕਿਨ ਇਸ ਸਾਰੇ ਸੰਘਰਸ਼ ਦੀ ਬੁਨਿਆਦ ਵਿਚਾਰਧਾਰਾ ਹੀ ਬਣਦੀ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਵਿਚਾਰਧਾਰਾ ਕਿਸੇ ਵੀ ਲਹਿਰ ਦਾ ਸੰਵਿਧਾਨ ਹੈ। ਜਿਸ ਤਰ੍ਹਾਂ ਭਾਰਤ ਦਾ ਸੰਵਿਧਾਨ ਸਭ ਤੋਂ ਅਹਿਮ ਸਥਾਨ ਰੱਖਦਾ ਹੈ। ਉਸਨੂੰ ਲਾਗੂ ਕਰਨ ਦੇ ਲਈ ਇੱਕ ਸਰਕਾਰ ਬਣਾਈ ਜਾਂਦੀ ਹੈ, ਜਿਸਦੀ ਅਗਵਾਈ ਇੱਕ ਪ੍ਰਧਾਨ ਮੰਤਰੀ ਕਰਦਾ ਹੈ ਅਤੇ ਉਸ ਦੇ ਨਾਲ ਇੱਕ ਮੰਤਰੀ ਮੰਡਲ ਹੁੰਦਾ ਹੈ। ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਬਦਲਦੇ ਰਹਿੰਦੇ ਹਨ, ਲੇਕਿਨ ਦੇਸ਼ ਦਾ ਸੰਵਿਧਾਨ ਹਮੇਸ਼ਾ ਬਣਿਆ ਰਹਿੰਦਾ ਹੈ। ਲੱਗਭਗ ਇਹੋ ਸਥਿਤੀ ਕਿਸੇ ਵੀ ਲਹਿਰ ਨਾਲ ਹੈ। ਇੱਕ ਲਹਿਰ ਦੀ ਵਿਚਾਰਧਾਰਾ ਉਸ ਦਾ ਸੰਵਿਧਾਨ ਹੈ, ਉਸ ਦੀ ਅਗਵਾਈ ਕਰਨ ਵਾਲਾ ਆਗੂ ਮੌਕੇ ਦੇ ਪ੍ਰਧਾਨ ਮੰਤਰੀ ਦੀ ਭੂਮਿਕਾ ਵਿੱਚ ਹੁੰਦਾ ਹੈ ਅਤੇ ਉਸ ਦੇ ਨਾਲ ਬਣਿਆ ਸੰਗਠਨ, ਮੰਤਰੀ ਮੰਡਲ ਦੇ ਬਰਾਬਰ ਹੈ।
ਅੱਜ ਬਾਬਾਸਾਹਿਬ ਸਾਡੇ ਵਿਚਕਾਰ ਨਹੀਂ ਹਨ। ਉਨ੍ਹਾਂ ਨੇ ਵੱਖ-ਵੱਖ ਸਮੇਂ ਅਨੇਕਾਂ ਹੀ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਗਠਨ ਵੀ ਬਣਾਏ, ਜਿਨ੍ਹਾਂ ਵਿੱਚੋਂ ਜਿਆਦਾਤਰ ਹੁਣ ਲੱਗਭਗ ਖਤਮ ਹੋ ਚੁੱਕੇ ਹਨ। ਲੇਕਿਨ ਉਨ੍ਹਾਂ ਦੀ ਜੋ ਅਸਲ ਵਿਰਾਸਤ ਸਾਡੇ ਕੋਲ ਹੈ, ਉਹ ਹੈ ਉਨ੍ਹਾਂ ਵੱਲੋਂ ਲਿਖੇ ਅਤੇ ਬੋਲੇ ਗਏ ਅਨਮੋਲ ਵਿਚਾਰ, ਜੋ ਕਿ 21 ਵੋਲਯੂਮਾਂ ਦੇ ਰੂਪ ਵਿੱਚ ਸਾਡੇ ਕੋਲ ਹਨ।
ਆਗੂ ਅਤੇ ਸੰਗਠਨ ਤਾਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਅੱਗੇ ਲੈਕੇ ਜਾਣ ਦੇ ਸਾਧਨ ਹਨ। ਉਨ੍ਹਾਂ ਦਾ ਅਸਲ ਮਿਸ਼ਨ ਉਨ੍ਹਾਂ ਦੀ ਵਿਚਾਰਧਾਰਾ ਹੈ।
ਸਤਵਿੰਦਰ ਮਦਾਰਾ
Nov 22 2024