ਜਦ ਮੈਂ ਆਪਣਾ ਪਿੰਡ ਛੱਡਿਆ ਸੀ ਤਾਂ ਉਸ ਮੋਚੀ ਦੇ ਮੁੰਡੇ ਨੂੰ ਮੈਂ ਆਪਣੇ ਪਿੰਡ ਹੀ ਛੱਡ ਆਇਆ ਸੀ। ਪਰ ਉਹ ਏਨਾ ਚਿਪਕੂ ਨਿਕਲਿਆ ਕਿ ਮੇਰਾ ਪਿੱਛਾ ਹੀ ਨਹੀਂ ਛੱਡਦਾ। ਮੇਰੇ ਨਾਲ ਇੱਕ ਜੋਕ ਬਣਕੇ ਚਿੰਬੜਿਆ ਹੋਇਆ ਹੈ। ਮੇਰੇ ਪਰਛਾਵੇਂ ਵਾਂਗੂ ਹਮੇਸ਼ਾ ਨਾਲ ਨਾਲ ਰਹੇਗਾ। ਜਿਧਰ ਵੀ ਜਾਓ ਦਿਸ ਪਵੇਗਾ। ਸੜਕਾਂ ਤੇ ਬੈਠਾ ਗੱਡੀਆਂ ਵਿੱਚ ਸਫ਼ਰ ਕਰਦਾ ਇਥੋਂ ਤੱਕ ਕਿ ਵੱਡੇ-ਵੱਡੇ ਹੋਟਲਾਂ ਵਿੱਚ ਵੀ ਮੈਂ ਉਸ ਤੋਂ ਲੁਕਣ ਦੀ ਕੋਸ਼ਿਸ਼ ਕਰਦਾ ਹਾਂ ਪਰ ਉਹ ਮੈਨੂੰ ਕਿਧਰੇ ਨਾ ਕਿਧਰੇ ਦਿਸ ਪਵੇਗਾ ਉਹ ਮੈਨੂੰ ਢੂੰਡ ਨਿਕਾਲੇਗਾ ਜਿਵੇਂ ਪੁੱਛ ਰਿਹਾ ਹੋਵੇ ਕਿ ਲੁਕਜਾ ਛੁਪਜਾ ਜਿੱਥੇ ਵੀ ਲੁਕਣਾ ਹੈ ਮੈਂ ਤੈਨੂੰ ਲੱਭ ਲਵਾਂਗਾ।
ਇਕ ਪਲ ਸੋਚ ਆਉਂਦੀ ਹੈ ਜੁੱਤੀਆਂ ਪਾਲਸ਼ ਕਰਨਾ ਤੇ ਜੁੱਤੀਆਂ ਦੀ ਮੁਰੰਮਤ ਕਰਨਾ ਵੀ ਕੋਈ ਜ਼ਿੰਦਗੀ ਹੈ ?
ਅਸਲ ਵਿੱਚ ਮੇਰਾ ਬਾਪ ਮੋਚੀ ਸੀ । ਬਾਪ ਦਾ ਬਾਪ ਵੀ ਮੋਚੀ ਸੀ ਤੇ ਦੱਸਦੇ ਨੇ ਅੱਗੋਂ ਉਸ ਦਾ ਬਾਪ ਵੀ ਮੋਚੀ ਸੀ ਤੇ ਇੰਜ ਇਹ ਗੱਦੀ ਚਲਦੀ-ਚਲਦੀ ਬਾਬੇ ਰਵਿਦਾਸ ਤੱਕ ਪੁੱਜ ਜਾਂਦੀ ਹੈ ਤੇ ਮੇਰਾ ਬਾਪ ਇਸ ਪੀੜ੍ਹੀ ਦਰ ਪੀੜ੍ਹੀ ਤੇ ਥੋੜਾ ਫ਼ਖਰ ਮਹਿਸੂਸ ਕਰਦਾ। ਏਸੇ ਕਰਕੇ ਹੀ ਉਹ ਬਾਬੇ ਰਵਿਦਾਸ ਦੀ ਫੋਟੋ ਸਾਹਮਣੇ ਰੱਖਦਾ ਤੇ ਲੰਘਦਾ ਵੜਦਾ ਉਸ ਨੂੰ ਪਰਨਾਮ ਕਰਦਾ।
ਜਦ ਮੈਂ ਹੋਸ਼ ਸੰਭਾਲੀ ਤਾਂ ਮੇਰਾ ਪਿਉ ਬਹੁਤ ਬਿਰਧ ਹੋ ਚੁੱਕਾ ਸੀ। ਨਿਗਾਹ ਘਟ ਚੁੱਕੀ ਸੀ। ਮੈਂ ਹੀ ਸਭ ਤੋਂ ਛੋਟਾ ਸੀ। ਬਾਕੀ ਭੈਣ ਭਰਾ ਸਭ ਵੱਡੇ ਸਨ। ਸਾਰੇ ਅਸੀਂ ਆਪਣੇ ਬਾਪ ਨੂੰ ਬਾਪੂ ਕਹਿੰਦੇ ਸੀ। ਬਾਪੂ ਦੀਆਂ ਹੱਡੀਆਂ ਨਿਕਲੀਆ ਹੋਈਆਂ ਵਾਲ ਸਫੈਦ ਹੋ ਚੁੱਕੇ ਸਨ। ਬੈਠੇ ਬੈਠੇ ਦੇ ਗੋਡੇ ਜੁੜ ਗਏ ਸਨ। ਮਹੀਨਾ ਮਹੀਨਾ ਹਜ਼ਾਮਤ ਨਾ ਕਰਾਉਂਦਾ। ਦਾਹੜੀ ਵਧ ਜਾਂਦੀ। ਸਿਰਦੇ ਵਾਲ ਵੀ ਵਧ ਜਾਂਦੇ ਤਾਂ ਉਸ ਦੀ ਸ਼ਕਲ ਬਾਬੇ ਰਵਿਦਾਸ ਵਰਗੀ ਹੋ ਜਾਂਦੀ। ਬਹੁਤ ਮੋਟੇ ਸ਼ੀਸ਼ੇ ਦੀ ਐਨਕ ਲੱਗੀ ਹੋਈ ਉਸ ਦਾ ਵੀ ਇੱਕ ਪਾਸੇ ਦਾ ਫਰੇਮ ਟੁੱਟਿਆ ਰਹਿੰਦਾ ਤੇ ਧਾਗੇ ਨਾਲ ਹਮੇਸ਼ਾ ਉਹ ਬੰਨ੍ਹੀ ਰੱਖਦਾ।
ਘਰ ਹੀ ਬੈਠ ਕੇ ਉਹ ਜੁੱਤੀਆਂ ਦੀ ਮੁਰੰਮਤ ਕਰਦਾ। ਕਦੇ ਕਦੇ ਨਵੇਂ ਜੋੜੇ ਤਿਆਰ ਕਰਦਾ। ਪਰ ਜਿਉਂ ਜਿਉਂ ਮਸ਼ੀਨੀ ਯੁੱਗ ਆ ਗਿਆ ਉਸ ਦੀਆਂ ਹੱਥ ਦੀਆਂ ਬਣੀਆਂ ਜੁੱਤੀਆਂ ਕੋਈ ਨਾ ਖਰੀਦਦਾ। ਸਭ ਲੋਕ ਸ਼ਹਿਰ ਤੋਂ ਹੀ ਬਣੀਆਂ ਬਣਾਈਆਂ ਰਬੜ-ਪਲਾਸਟਿਕ ਜਾਂ ਚਮੜੇ ਦੀਆਂ ਜੁੱਤੀਆਂ ਖਰੀਦ ਲਿਆਉਂਦੇ ਤੇ ਉਹ ਉਹਨਾਂ ਦੇ ਮੂੰਹ ਵਲ ਦੇਖਦਾ ਰਹਿੰਦਾ। ਹਾਂ ਰੀਪੇਅਰ ਕਰਨ ਤੇ ਪਾਲਿਸ਼ ਕਰਨ ਦਾ ਕੰਮ ਉਸ ਪਾਸ ਕਦੇ ਕਦਾਈ ਆ ਜਾਂਦਾ। ਕਿਸੇ ਦਾ ਮਨ ਕਰਦਾ ਤੇ ਪੈਸੇ ਦੇ ਦੇਂਦਾ ਨਹੀਂ ਤਾਂ ਬੜੀ ਦੇਰ ਤੱਕ ਹਾੜ੍ਹੀ ਸੌਣੀ ਦਾਣਿਆਂ ਤੇ ਹੀ ਕੰਮ ਚਲਦਾ ਰਿਹਾ। ਇੰਜ ਬਚਪਨ ਤੋਂ ਜੁਆਨੀ ਉਸ ਤੇ ਜਿਵੇਂ ਆਈ ਹੀ ਨਾ ਹੋਵੇ ਤੇ ਉਸ ਨੇ ਬੁਢਾਪੇ ਵਿੱਚ ਹੀ ਪੈਰ ਰੱਖਿਆ ਹੋਵੇ।
ਜੁੱਤੀਆਂ ਗੰਢਣ ਦਾ ਕੰਮ ਉਸ ਕਿਉਂ ਸਿਖਿਆ ਤੇ ਕਿਥੋਂ ਸਿੱਖਿਆ ਪਤਾ ਹੀ ਨਹੀਂ। ਉਹ ਦੱਸਦਾ ਸੀ ਕਿ ਉਸ ਦਾ ਪਿਉ ਵੀ ਇਹੀ ਕੰਮ ਕਰਦਾ ਸੀ ਤੇ ਅੱਗੋਂ ਉਸ ਦਾ ਪਿਉ ਵੀ। ਪਿਛਲੇ ਜ਼ਮਾਨਿਆਂ ਵਿੱਚ ਇਹ ਕੰਮ ‘ਆਪਣੇ ਲੋਕਾਂ’ ਲਈ ਹੀ ਦਿੱਤਾ ਹੋਇਆ ਸੀ। ਇਹ ਵੱਡਿਆਂ ਜ਼ਿੰਮੀਦਾਰਾਂ ਨੇ ਠੋਸਿਆ ਹੋਇਆ ਸੀ, ਜੁੱਤੀਆਂ ਗੰਢੋ ਮਰੇ ਹੋਏ ਪਸ਼ੂ ਚੁੱਕੋ ਉਹਨਾਂ ਦਾ ਚਮੜਾ ਉਤਾਰੋ। ਗੱਲ ਕੀ ਏਹਨਾਂ ਦਾ ਗੰਦ ਚੁੱਕੋ। ਬਸ ਏਹੀ ਕੰਮ ਕਰੋ। ਨਾ ਕਰੋ ਤਾਂ ਮਾਰ ਖਾਓ। ਇਹ ਵਗ਼ਾਰ ਦਾ ਜ਼ਮਾਨਾ ਸੀ। ਇਹਨਾਂ ਦੇ ਗਰੰਥਾਂ ਵਿੱਚ ਵੀ ਇਹੀ ਲਿਖਿਆ ਸੀ “ਢੋਰ ਗਵਾਰ-ਸ਼ੂਦਰ ਔਰ ਨਾਰੀ ਇਹ ਸਭ ਤਾੜਨ ਦੇ ਅਧਿਕਾਰੀ ।”
ਫਿਰ ਉਹ ਕਹਿਣ ਲਗਦਾ ਬਾਬਾ ਰਵਿਦਾਸ ਵੀ ਤਾਂ ਚਮੜਾ ਚੁਕਦਾ ਸੀ। ਜੁੱਤੀਆਂ ਗੰਢਦਾ ਸੀ। ਫਿਰ ਉਹ ਬਾਬੇ ਰਵਿਦਾਸ ਦੀ ਮਹਿਮਾ ਗਾਉਣ ਲੱਗਦਾ “ਐਸੀ ਲਾਲ ਤੁਦਬਿਨ ਕੌਣ ਕਰੇ-ਗ਼ਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ।” ਏਨਾ ਸੁਰੀਲਾ ਗਲਾ ਤੇ ਵਖਿਆਨ ਜਦ ਵੀ ਛੇੜਦਾ ਤੁਰੇ ਜਾਂਦੇ ਲੋਕ ਜਿਨ੍ਹਾਂ ਦੇ ਕੰਨਰਸ ਹੁੰਦਾ ਉਹ ਬੈਠ ਜਾਂਦੇ ਤੇ ਕਥਾ ਸੁਣਦੇ ਰਹਿੰਦੇ। ਉਸ ਪਾਸ ਦੋ ਚਾਰ ਲੋਕ ਹਮੇਸ਼ਾ ਬੈਠੇ ਰਹਿੰਦੇ ਤੇ ਰੌਣਕ ਲੱਗੀ ਰਹਿੰਦੀ।
ਨੇੜੇ ਤੇੜੇ ਘਰਾਂ ਵਾਲੇ ਉਸ ਦੇ ਹਮ ਉਮਰ ਹੁੱਕਾ ਪੀਣ ਵਾਲੇ ਬੈਠੇ ਰਹਿੰਦੇ। ਉਹ ਨੇੜੇ ਤੇੜੇ ਦੀਆਂ ਗਲੀ ਮੁਹੱਲੇ ਦੀਆਂ ਰਿਸ਼ਤੇ ਦੀਆਂ ਰਿਸ਼ਤੇਦਾਰੀ ਦੀਆਂ ਗੱਲਾਂ ਕਰਦੇ ਰਹਿੰਦੇ। ਉਸਨੇ ਜਦ ਵੀ ਹੁੱਕਾ ਪੀਣਾ ਹੁੰਦਾ ਉਹ ਮੈਨੂੰ ਅਵਾਜ਼ ਦੇਂਦਾ “ਲੈ ਓਏ ਮੁੰਡਿਆ ਆਹ ਜੁੱਤੀ ਤੇ ਬੁਰਸ਼ ਮਾਰਦੇ ਜਾਂ ਆਹ ਦੋ ਟਾਂਕੇ ਲਾ ਦੇ ਮੈਂ ਹੁੱਕੇ ਦਾ ਸੂਟਾ ਲਾ ਲਵਾਂ…..।”
ਮੈਂ ਨਾਂਹ ਨਾ ਕਰਦਾ। ਮੈਂ ਵੀ ਤਾਂ ਇਹ ਟਰੇਨਿੰਗ ਕਿਧਰੋਂ ਨਹੀਂ ਸੀ ਲਈ ਪਰ ਦੇਖ ਦੇਖਕੇ ਮੈਂ ਵੀ ਸਾਰਾ ਕੰਮ ਸਿੱਖ ਗਿਆ ਸੀ ਤੇ ਮੈਂ ਸਾਰਾ ਕੰਮ ਸਾਫ਼ ਸਾਫ਼ ਤੇ ਫੁਰਤੀ ਨਾਲ ਕਰ ਜਾਂਦਾ। ਜੁੱਤੀ ਪਾਲਸ਼ ਕਰਨੀ। ਟਾਂਕੇ ਲਾਉਣੇ ਕੁਝ ਵੀ ਮੁਸ਼ਕਲ ਨਾ ਲਗਦਾ। ਮੈਂ ਸਕੂਲ ਜਾਣ ਲੱਗਿਆ ਉਹ ਅੰਦਰ ਹੀ ਅੰਦਰ ਬੜਾ ਪ੍ਰਸੰਨ ਹੁੰਦਾ ਮੈਨੂੰ ਸਕੂਲ ਜਾਂਦਿਆਂ ਦੇਖਕੇ। ਮੇਰੇ ਪੈਰਾਂ ਦੇ ਮੇਚ ਦੇ ਉਸ ਬੜੇ ਚਾਅ ਨਾਲ ਮੌਜੇ ਬਣਾ ਕੇ ਦੇਣੇ। ਪਜਾਮਾ ਕਮੀਜ਼ ਤੇ ਛੋਟੀ ਜਿਹੀ ਖੇਸੀ ਸਰਦੀਆਂ ਵਿੱਚ ਲੈ ਦੇਣੀ। ਸਕੂਲ ਭੇਜਣਾ ਉਸ ਨੂੰ ਵਿਦਿਆ ਦਾ ਗਿਆਨ ਸੀ ਤੇ ਉਹ ਚਾਹੁੰਦਾ ਸੀ ਕਿ ਮੈਂ ਘੱਟੋ ਘੱਟ ਚੌਦਾ ਜਮਾਤਾਂ ਪਾਸ ਕਰਾਂ। ਉਹਨੀ ਦਿਨੀਂ ਸਾਡੇ ਨੇੜੇ ਦੇ ਪਿੰਡਾਂ ਚੋਂ ਰੂਪੋਵਾਲ ਦਾ ਇੱਕ ਮੁੰਡਾ ਚੌਦਾ ਜਮਾਤਾਂ ਪੜ੍ਹਕੇ ਡੀ. ਸੀ. ਲਗ ਗਿਆ ਸੀ। ਆਲੇ ਦੁਆਲੇ ਪਿੰਡਾਂ ‘ਚ ਇਹ ਧੁੰਮ ਪੈ ਗਈ ਸੀ ਕਿ ਰੂਪੋਵਾਲੀਏ ਚਮਾਰ ਦਾ ਮੁੰਡਾ ਡੀ. ਸੀ. ਲੱਗ ਗਿਆ ਹੈ। ਬਾਪੂ ਦੇ ਦਿਲ ਵਿੱਚ ਕੁਝ ਇਸ ਤਰ੍ਹਾਂ ਦੇ ਅਰਮਾਨ ਸਨ।
ਮੈਂ ਸਕੂਲੋਂ ਆ ਕੇ ਬਾਪੂ ਦੇ ਕੋਲ ਬੈਠਦਾ। ਪੜ੍ਹਦਾ ਜਾਂ ਉਸ ਨਾਲ ਕੰਮ ਕਰਾਉਂਦਾ। ਨਾਲਦਿਆਂ ਮੁੰਡਿਆਂ ਨੇ ਮੇਰੀ ਲੱਲ ਪਾ ਦਿੱਤੀ ਸੀ- “ਦੇਖੋ ਮੁੰਡਾ ਮੋਚੀ ਦਾ ਬੈਠਾ ਬੈਠਾ ਕੀ ਸੋਚੀ-ਦਾ!” ਉਹ ਸਾਰੇ ਮੈਨੂੰ ਮੋਚੀ ਦਾ ਮੁੰਡਾ ਜਾਂ ਮੋਚੀ ਮੁੰਡਾ ਆਖਦੇ। ਸਕੂਲ ਵਿੱਚ ਰੁੜਕੇ ਵਾਲਾ ਮਾਸਟਰ ਕਰਨੈਲ ਸਿੰਘ ਕਲਾਸ ਵਿੱਚ ਹੀ ਰਹਿ ਦਿੰਦਾ ਉਹ ਮੋਚੀਦਿਆਂ ਮੁੰਡਿਆਂ ਮੇਰੇ ਬੂਟ ਲੈ ਜਾਈ ਜਾਂਦਾ ਹੋਇਆ ਟਾਂਕੇ ਉਖੜ ਗਏ। ਟਾਂਕੇ ਲੁਆਕੇ ਪਾਲਿਸ਼ ਕਰਵਾ ਕੇ ਲਿਆਈ।
ਪਿੰਡ ਦੇ ਸਭ ਨਿਆਣੇ ਸਿਆਣੇ, ਬੁੜ੍ਹੀਆਂ ਕੁੜੀਆਂ ਉਂਜ ਬਾਪੂ ਦੀ ਕਦਰ ਕਰਦੀਆਂ ਉਮਰ ਦਾ ਲਿਹਾਜ਼ ਕਰਦੀਆਂ। ਕੰਮ ਦਾ ਪੈਸਾ ਵੀ ਦੇ ਜਾਂਦੀਆਂ। ਪਰ ਬੜਾ ਗੁੱਸਾ ਆਉਂਦਾ ਜਦ ਹਰਨਾਮ ਸਿੰਘ ਲੰਬੜਦਾਰ ਆਉਂਦਾ। ਉਹ ਸਾਲਾ ਬੜ੍ਹਕ ਜਿਹੀ ਮਾਰਦਾ ਆਉਂਦਾ। ਉਸ ਦਾ ਭਾਰਾ ਸਰੀਰ ਸਫੈਦ ਕਪੜੇ ਉਹ ਦੂਰੋਂ ਹੀ ਦੈਂਤ ਲਗਦਾ। ਉਤੋਂ ਪੰਜਾਹ ਖੇਤਾਂ ਦਾ ਮਾਲਕ। ਉਸ ਨੇ ਜਦ ਵੀ ਕਿਧਰੇ ਜਾਣਾ ਹੁੰਦਾ ਉਹ ਸਿੱਧਾ ਘਰ ਆ ਕੇ ਅਵਾਜ਼ ਦੇਂਦਾ
“ਓਏ ਬਤਨਿਆਂ ਆਹ ਜੁੱਤੀ ਪਾਲਸ਼ ਕਰੀਂ ਜਾਣਾ ਸ਼ਹਿਰ ਤੱਕ ਗੁਆਹੀ ਪਾਉਣ ……।”
ਬਾਪੂ ਜੇਕਰ ਕਿਧਰੇ ਇਧਰ ਉਧਰ ਹੁੰਦਾ ਤਾਂ ਉਹ ਜ਼ੋਰ ਦੀ ਅਵਾਜ਼ ਫਿਰ ਦਿੰਦਾ ਓਏ ਤੈਨੂੰ ਮੇਰੀ ਅਵਾਜ਼ ਨਹੀਂ ਸੁਣੀ ਆਹ ਕੰਮ ਫੇਰ ਨਾ ਹੋਊ ਮੈਂ ਲੇਟ ਹੋ ਰਿਹਾ….।”
ਮਾਂ ਪਤਾ ਨਹੀਂ ਏਨੇ ‘ਚ ਕਿਧਰੋਂ ਦੌੜੀ ਦੌੜੀ ਆਉਂਦੀ” ਲਿਆਓ ਸਰਦਾਰ ਜੀ ਮੈਂ ਪਾਲਸ਼ ਕਰਦਿਆਂ ਉਹ ਵੀ ਆਉਂਦਾ ਹੀ ਹੋਣਾ ਤੁਹਾਨੂੰ ਜਲਦੀ ਹੈ ਤਾਂ..” ਉਹ ਸਾਲਾ ਢੀਠ ਫਟਾਫਟ ਜੁੱਤੀ ਲਾਹ ਦੇਂਦਾ ਤੇ ਤਿਰਸ਼ੀਆਂ ਨਜ਼ਰਾਂ ਨਾਲ ਮੇਰੀ ਮਾਂ ਵਲ ਤੇ ਫੇਰ ਏਧਰ ਓਧਰ ਝਾਕਦਾ ਰਹਿੰਦਾ। ਮੇਰੀ ਮਾਂ ਉਸ ਦਾ ਜੋੜਾ ਪਾਲਸ਼ ਕਰ ਦੇਂਦੀ ਸ਼ਰਮ ਨਾ ਕਰਦੀ ਨਾ ਡਰਦੀ। ਉਹ ਠੀਕ ਠਾਕ ਜੁੱਤੀ ਪਹਿਨਦਾ ਤੇ ਬਿਨਾਂ ਪੈਸੇ ਦਿੱਤਿਆਂ ਚਲੇ ਜਾਂਦਾ। ਜਿਵੇਂ ਵਗਾਰ ਕਰਾਉਣੀ ਉਸ ਦਾ ਜਨਮ ਸਿੱਧ ਅਧਿਕਾਰ ਹੋਵੇ।
ਮੈਂ ਇੱਕ ਦਿਨ ਮਾਂ ਨੂੰ ਪੁੱਛਿਆ “ਮਾਂ ਤੂੰ ਇਸ ਲੰਬੜਦਾਰ ਤੋਂ ਏਨਾ ਕਿਉਂ ਡਰਦੀ ਏ। ਇਹ ਹਰਨਾਮ ਸਿੰਘ ਲੰਬੜਦਾਰ ਕੋਈ ਹਊਆ ਏ…।”
ਉਹ ਪਹਿਲਾਂ ਚੁੱਪ ਰਹੀ ਫਿਰ ਬੋਲੀ ਕਾਕਾ ਤੈਨੂੰ ਪਤਾ ਇਹ ਕੱਲਾ ਹੀ ਪੰਜਾਹ ਖੇਤਾਂ ਦਾ ਮਾਲਕ ਹੈ। ਆਹ ਨਿਆਈਆਂ ਤੋਂ ਲੈ ਕੇ ਔਹ ਨਹਿਰ ਤੱਕ ਸਾਰੀ ਜ਼ਮੀਨ ਇਹਨਾਂ ਦੀ ਹੈ ਤੇ ਅਸੀਂ ਦੋ ਟਾਇਮ ਰੰਬਾ ਲੈ ਕੇ ਘਾਹ ਨੂੰ ਇਹਨਾਂ ਦੇ ਖੇਤਾਂ ਵਿੱਚ ਹੀ ਜਾਣਾ ਹੁੰਦਾ ਹੈ। ਆਹ ਪਸ਼ੂ ਪਾ ਸਾਰਾ ਇਹਨਾਂ ਦੇ ਸਿਰ ਤੇ ਹੀ ਪਲ ਰਿਹਾ ਹੈ। ਇਸ ਕਰਕੇ ਪੁੱਤ ਡਰਨਾ ਹੀ ਚੰਗਾ ਹੈ। ਪੁੱਤ ਤੂੰ ਏਹਦਾ ਕੰਮ ਜਲਦੀ ਕਰ ਦਿਆਂ ਕਰ ਜਦ ਵੀ ਆਵੇ ਇਹ ਵੱਡੇ ਲੋਕ ਕਦ ਇਹਨਾਂ ਤੱਕ ਗਰਜ਼ ਪੈ ਜਾਵੇ ਆਪਾਂ ਗਰੀਬ ਆਦਮੀ….।”
ਪਤਾ ਨਹੀਂ ਕਿਉਂ ਉਹ ਲੰਬੜਦਾਰ ਹਰਨਾਮ ਸਿੰਘ ਉਚਾ ਲੰਮਾ ਸਫੈਦ ਪੋਸ਼ ਮੈਨੂੰ ਖ਼ਲਨਾਇਕ ਵਰਗਾ ਲਗਦਾ ਸੀ। ਬਾਅਦ ਵਿੱਚ ਬੜੀਆਂ ਕਹਾਣੀਆਂ ਸੁਣੀਆਂ ਉਸ ਬਾਰੇ। ਪਰ ਉਸ ਦੀ ਬੜੀ ਦਹਿਸ਼ਤ ਸੀ। ਜੇ ਮੈਂ ਕਦੀ ਉਸ ਦੇ ਆਉਂਦੇ ਨੂੰ ਪੜ੍ਹਦੇ ਹੋਣਾ ਉਸ ਨੇ ਆਉਂਦੇ ਹੀ ਟੁੱਟ ਕੇ ਪੈ ਜਾਣਾ। ਉਠ ਓਏ ਆਹ ਮਾਰ ਜੁੱਤੀ ਤੇ ਬੁਰਸ਼ ਤੂੰ ਕਿਹੜਾ ਪੜ੍ਹ ਕੇ ਡੀ. ਸੀ. ਲੱਗ ਜਾਣਾ ਆਹੀਂ ਕਿਸਬ ਕਰੀ ਜਾਓ। ਪਰ ਕਦੀ-ਕਦੀ ਉਹ ਨਸੀਹਤ ਦੇਣ ਦੇ ਮੂਡ ਵਿਚ ਵੀ ਆਉਂਦਾ।
“ਉਏ ਕਾਕਾ ਪੜ੍ਹ ਲੌ ਚਾਰ ਅੱਖ਼ਰ ਪੜ੍ਹ ਲੌ ਪੜ੍ਹ ਲੌ ਸਰਕਾਰ ਦੇਖ ਕਿਵੇਂ ਵਜੀਫ਼ੇ ਦੇਂਦੀ-ਨੌਕਰੀਆਂ ਵਿਚ ਵੀ ਪਹਿਲ ਦੇਂਦੀ ਹੈ। ਕਿਸੇ ਦਫਤਰ ਵਿਚ ਬਾਬੂ ਵੀ ਲੱਗ ਗਿਆ ਤਾਂ ਜੂਨ ਸੁਧਰ ਜਾਵੇਗੀ। ਆਹ ਕਹਿੰਦੇ ਰੂਪੋਵਾਲ ਦਾ ਮੁੰਡਾ ਤੁਹਾਡੀ ਬਰਾਦਰੀ ਦਾ ਸਿੱਧਾ ਡੀ. ਸੀ. ਬਣ ਗਿਆ ਚੌਦਾਂ ਪੜ੍ਹਕੇ।”
ਜਦੋਂ ਉਹ ਨਸੀਹਤਾਂ ਦੇਂਦਾ ਤਾਂ ਉਹਦਾ ਖਲਨਾਇਕੀ ਵਾਲਾ ਰੂਪ ਇਕ ਤਰ੍ਹਾਂ ਨਾਲ ਭੁੱਲ ਜਾਂਦਾ।
ਜੁੱਤੀਆਂ ਨੂੰ ਤੋਪੇ ਲਾਉਂਦਾ ਬਾਪੂ ਅਕਸਰ ਕਹਿੰਦਾ ਇਹ ਰੱਬ ਨੇ ਕਿਹੜੀ ਜੂਨ ਸਾਨੂੰ ਪਾਇਆ ਹੋਇਆ। ਸਾਡੀਆਂ ਕੁੜੀਆਂ ਕਤਰੀਆਂ ਇਹਨਾਂ ਜੱਟਾਂ ਜ਼ਿਮੀਦਾਰਾਂ ਦੇ ਖੇਤਾਂ ਵਿਚ ਜਾਂਦੀਆਂ ਘਾਹ ਖੋਤਣ ਵਾਸਤੇ । ਉਹ ਇਹਨਾਂ ਦੀਆਂ ਕੀ ਲਗਦੀਆਂ- ਅਗਲੇ ਕੁਝ ਵੀ ਕਰਨ। ਸਾਰੀ ਧਰਤੀ ਦਾ ਬੋਝ ਮਿੱਟੀ ਦਾ ਬੋਝ ਸਾਡੀ ਕੌਮ ਤੇ ਹੀ….।
ਬਾਪੂ, ਗੁਰੂ ਰਵਿਦਾਸ ਬਾਣੀ ਅਕਸਰ ਪੜ੍ਹਦਾ ਰਹਿੰਦਾ ਉਸ ਵਿਚੋਂ ਕੋਈ ਆਸਰਾ ਢੂੰਡਣ ਦੀ ਕੋਸ਼ਿਸ਼ ਕਰਦਾ ਤੇ ਅਖ਼ੀਰ ‘ਤੇ ਆ ਕੇ ਸ਼ਾਂਤ ਹੋ ਜਾਂਦਾ ਪਰਮਾਤਮਾ ਦਾ ਨਾਂ ਲੈਂਦਾ “ਹਰਿ ਕੇ ਨਾਪ ਬਿਨ ਝੂਠੇ ਸਗਲ ਪਸਾਰੇ।”
ਉਹ ਗੁਰੂ ਰਵਿਦਾਸ ਤੋਂ ਬਾਅਦ ਗੁਰੂ ਅਰਜਨ ਦੇਵ ਦੀ ਬਹੁਤ ਮਹਿੰਮਾ ਗਾਉਂਦੇ। ਹਰ ਸਮੇਂ ਉਹ ਸੁਖ਼ਮਨੀ ਦੀਆਂ ਤੁਕਾਂ ਪੜ੍ਹਦੇ ਗੁਣ ਗਣਾਉਂਦੇ।
ਇਕ ਦਿਨ ਜਦ ਕਿਸੇ ਨੇ ਪੁੱਛਿਆ “ਬਾਪੂ ਜੀ ਗੁਰੂ ਤਾਂ ਸਭ ਬਰਾਬਰ ਦਾ ਦਰਜਾ ਰੱਖਦੇ ਹਨ ਫਿਰ ਤੁਸੀਂ ਗੁਰੂ ਅਰਜਨ ਦੇਵ ਦੀ ਵਡਿਆਈ ਸਭ ਤੋਂ ਵੱਧ ਕਿਉਂ ਕਰਦੇ ਹੋ”
ਬਾਪੂ ਜੀ ਸ਼ਾਂਤ ਹੋ ਗਏ-
ਉਹ ਕੁਝ ਦੇਰ ਚੁੱਪ ਰਹੇ ਫਿਰ ਬੋਲੇ
“ਇਸ ਗੁਰੂ ਸਾਹਮਣੇ ਪਤਾ ਨਹੀਂ ਕਿਉਂ ਮੇਰਾ ਸਿਰ ਅਦਬ ਨਾਲ ਝੁਕ ਜਾਂਦਾ ਹੈ। ਇਹ ਕੋਈ ਬਹੁਤ ਮਹਾਨ ਆਤਮਾ ਹੈ ਸੀ। ਇਹ ਕੋਈ ਅਜੀਬ ਸਖ਼ਸ਼ੀਅਤ ਸੀ। ਜਿਸਨੇ ਦੋ ਮੋਚੀਆਂ ਨੂੰ ਆਪਣੇ ਗਲ ਨਾਲ ਹੀ ਨਹੀਂ ਲਾਇਆ ਬਲਕਿ ਰਹਿੰਦੀ ਦੁਨੀਆਂ ਤਕ ਅਮਰ ਕਰ ਦਿੱਤਾ। ਲਓ ਹੁਣ ਸੁਣੋ ਉਹ ਕਿਸ ਤਰ੍ਹਾਂ- ਮੈਂ ਦੱਸਦਾ ਗੁਰੂ ਰਵਿਦਾਸ ਨੇ ਬਹੁਤ ਵਧੀਆ ਬਾਣੀ ਰਚੀ ਹੈ। ਪਰ ਉਸ ਦਾ ਕਿਸਬ ਕੀ ਸੀ? ਮੇਰੇ ਵਾਂਗ ਚੌਂਕ ਵਿਚ ਬੈਠ ਕੇ ਜੁੱਤੀਆਂ ਗੰਢਦਾ ਸੀ। ਸੀ ਤਾਂ ਮੋਚੀ ਹੀ। ਵਿਹਲੇ ਟਾਈਮ ਸ਼ਬਦ-ਬਾਣੀ-ਰੱਬ ਸੱਚੇ ਨਾਲ ਲਗਨ। ਪੰਜਵੇਂ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਵਿਚ ਉਹਨਾਂ ਦੀ ਬਾਣੀ ਦਰਜ ਕਰਕੇ ਰਵਿਦਾਸ ਨੂੰ ਵੀ ਗੁਰੂ ਦਾ ਦਰਜਾ ਦੇ ਦਿੱਤਾ। ਜੇ ਉਨ੍ਹਾਂ ਦੇ ਮਨ ਵਿਚ ਅੱਜ ਵਾਂਗ ਚੂਹੜੇ ਚਮਾਰਾਂ ਨਾਲ ਨਫ਼ਰਤ ਹੁੰਦੀ ਤਾਂ ਉਹ ਅਜਿਹਾ ਨਾ ਕਰਦੇ। ਗੁਰੂ ਅਰਜਨ ਦੇਵ ਨੇ ਸਭ ਤੋਂ ਪਹਿਲਾਂ ਸਿਖ ਸਮਾਜ ਵਿਚ ਜਾਤ-ਪਾਤ ਖ਼ਤਮ ਕਰਕੇ ਹੋਰ ਭਗਤਾਂ ਦੀ ਬਾਣੀ ਵੀ ਗੁਰੂ ਗਰੰਥ ਸਾਹਿਬ ਵਿੱਚ ਪਾਈ ਤੇ ਜੋੜੀ। ਬਾਬੇ ਫਰੀਦ ਨੂੰ ਜੋੜਿਆ ਤੇ ਕਬੀਰ ਦੀ ਬਾਣੀ ਲਈ। ਇਸ ਕਰਕੇ ਮੇਰਾ ਸਿਰ ਤਾਂ ਗੁਰੂ ਅਰਜਨ ਦੇ ਅੱਗੇ ਸ਼ਰਧਾ ਨਾਲ ਝੁਕ ਜਾਂਦਾ ਹੈ। ਫਿਰ ਉਸ ਦੀ ਸ਼ਹੀਦੀ ਤਾਂ ਬੇਮਿਸਾਲ ਤੋਅਬਾ-ਇਸ ਤਰ੍ਹਾਂ ਕੋਈ ਮਰਿਆ-ਉਬਲਦਾ ਪਾਣੀ ਤੇ ਤਪਦੀ ਲੋਹ….”
“ਤੇ ਇਹ ਦੂਸਰਾ ਭਗਤ……।”
“ ਆਓ ਦੂਸਰਾ ਭਗਤ ਵੀ ਦੱਸਦਾ ਹਾਂ-ਆਹ ਨਕੋਦਰ ਦੇ ਕੋਲ ਮਾਲੜੀ ਦਾ ਗੁਰਦੁਆਰਾ ਦੇਖਿਆ ਤੁਸੀਂ ਇਸ ਦਾ ਇਤਿਹਾਸ ਪਤਾ ਤੁਹਾਨੂੰ।”
“ਨਹੀਂ ।”
“ਸੁਣੋ ਫਿਰ ਇਸ ਪਿੰਡ ਦਾ ਇਤਿਹਾਸ। ਇਥੋਂ ਦਾ ਭਗਤ ਸੀ ਇਕ । ਨਾਮ ਉਸ ਦਾ ਮੱਲ ਸੀ। ਮੇਰੇ ਵਾਂਗ ਜੁੱਤੀਆਂ ਸਿਉਂਦਾ-ਜੁੱਤੀਆਂ ਗੰਢਦਾ। ਹਰ ਵੇਲੇ ਆਪਣੇ ਕਿਸਬ ਨਾਲ ਜੁੜੇ ਰਹਿਣੇ। ਬੈਠੇ ਰਹਿਣਾ। ਬੈਠੇ ਬੈਠੇ ਤੇ ਉਸ ਦੇ ਗੋਡੇ ਜੁੜ ਗਏ। ਜੋੜਾਂ ‘ਚ ਦਰਦ ਰਹਿਣ ਲੱਗ ਪਿਆ। ਬਾਬੇ ਮੱਲ ਨੇ ਗੁਰੂ ਅਰਜਨ ਦੇਵ ਦੀ ਬਹੁਤ ਮਹਿੰਮਾ ਸੁਣੀ ਸੀ। ਬਾਬੇ ਮੱਲ ਦੀ ਤਕਲੀਫ਼ ਜਦ ਦੂਰ ਨਾ ਹੋਈ ਤਾਂ ਉਸ ਨੇ ਸੁੱਖਣਾ ਸੁੱਖੀ ਕਿ ਜੇਕਰ ਉਸ ਦੇ ਗੋਡੇ ਠੀਕ ਹੋ ਜਾਣ ਤਾਂ ਉਹ ਹੋਰ ਕੁਝ ਤਾਂ ਨਹੀਂ ਜੁੱਤੀ ਦਾ ਇਕ ਜੋੜਾ ਆਪਣੇ ਹੱਥ ਨਾਲ ਬਣਾ ਕੇ ਗੁਰੂ ਜੀ ਨੂੰ ਭੇਂਟ ਕਰੇਗਾ ਆਪਣੇ ਹੱਥਾਂ ਦੀ ਕਿਰਤ ਤੋਂ ਇਲਾਵਾ ਉਹ ਹੋਰ ਦੇ ਵੀ ਕੀ ਸਕਦਾ ਸੀ। ਕਿਰਤ ਤੋਂ ਵੱਡੀ ਕੋਈ ਭੇਟ ਹੈ ਹੀ ਨਹੀਂ। ਜੋੜਾ ਬਣਾ ਕੇ ਵੀ ਰੱਖ ਲਿਆ। ਫਿਰ ਜਦ ਗੁਰੂ ਜੀ ਦੀ ਸ਼ਾਦੀ ਹੋਈ ਤਾਂ ਉਨ੍ਹਾਂ ਦੀ ਬਰਾਤ ਤਰਨਤਾਰਨ ਤੋਂ ਮੌ ਸਾਹਿਬ ਵਾਸਤੇ ਆ ਰਹੀ ਸੀ ਤਾਂ ਬਰਾਤ ਆ ਕੇ ਬਾਬੇ ਮੱਲ ਦੇ ਘਰ ਦੇ ਸਾਹਮਣੇ ਰੁਕ ਗਈ । ਬਾਬਾ ਮੱਲ ਹੈਰਾਨ ਰਹਿ ਗਿਆ।”
“ਲਿਆ ਬਈ ਭਗਤਾ ਆਪਣਾ ਜੋੜਾ ਜੋ ਸਾਡੇ ਲਈ ਬਣਾ ਕੇ ਰੱਖਿਆ ਹੈ।” ਗੁਰੂ ਜੀ ਨੇ ਬਾਬੇ ਮੱਲ ਤੋਂ ਜੋੜਾ ਆ ਮੰਗਿਆ। ਬਾਬੇ ਮੱਲ ਤੋਂ ਉਠਿਆ ਨਾ ਜਾਵੇ। ਗੁਰੂ ਜੀ ਨੇ ਅਸ਼ੀਰਵਾਦ ਦਿੱਤਾ….
“ਉਠ ਹਿੰਮਤ ਪੈਦਾ ਕਰ ਉਠ ਤਕੜਾ ਹੋ… । ਆਪਣੇ ਹੱਥ ਨਾਲ ਮੈਨੂੰ ਜੋੜਾ ਫੜਾ….. ।” ਫਿਰ ਕਹਿੰਦੇ ਇੰਜ ਹੀ ਹੋਇਆ। ਬਾਬੇ ਮੱਲ ਦੇ ਸਾਹਮਣੇ ਪਰਤੱਖ ਗੁਰੂ ਖੜ੍ਹੇ ਸਨ-ਉਹ ਉਠਿਆ ਤੇ ਉਠ ਕੇ ਜੋੜਾ ਭੇਂਟ ਕੀਤਾ ਆਪਣੀ ਦਸਾਂ ਨੌਹਾਂ ਦੀ ਕਿਰਤ ਭੇਂਟ ਕੀਤੀ। ਬਾਬੇ ਮੱਲ ਦੇ ਦਲਿੱਦਰ ਦੂਰ ਹੋ ਗਏ। ਉਸ ਦੇ ਗੋਡੇ ਹੀ ਨਹੀਂ ਉਸ ਦੇ ਸਭ ਦੁੱਖ ਦੂਰ ਹੋ ਗਏ। ਉਹ ਰਿਸ਼ਟ-ਪੁਸ਼ਟ ਹੋ ਗਿਆ ਜਿਸ ਤਰ੍ਹਾਂ ਸਰੋਵਰ ਵਿਚ ਨਹਾ ਕੇ ਇਕ ਕੋਹੜੀ ਠੀਕ ਹੋ ਗਿਆ ਸੀ। ਇਸ ਤਰ੍ਹਾਂ ਗੁਰੂ ਦੀ ਛੋਹ ਸਦਕਾ ਇਕ ਮੋਚੀ ਦਾ ਕਲਿਆਣ ਹੋ ਗਿਆ। ਨਿਮਾਣੇ ਤੋਂ ਮਾਣ ਵਾਲਾ ਤੇ ਤਾਣ ਸਲਾਕਾ ਗਿਆ। ਬਾਬਾ ਮੱਲ ਅਸਲੀ ਮੱਲ ਬਣ ਗਿਆ। ਉਸ ਵਿਚ ਤਾਕਤ ਤੇ ਹੋਸਲਾ ਆ ਗਿਆ। ਗੁਰੂਆਂ ਨੇ ਆਸ਼ੀਰਵਾਦ ਦਿੱਤੀ ਕਿ ਹੇ ਭਗਤਾ ਤੇਰੇ ਹੀ ਦੁੱਖ-ਦਰਦ ਦੂਰ ਨਹੀਂ ਹੋਣਗੇ-ਜਿਹੜਾ ਵੀ ਦੁਖੀ ਪ੍ਰਾਣੀ ਏਸ ਜਗ੍ਹਾ ‘ਤੇ ਆ ਕੇ ਪਰਨਾਮ ਕਰੇਗਾ, ਸੱਚੀ ਸ਼ਰਧਾ ਨਾਲ ਚੌਕੀ ਭਰੇਗਾ। ਉਸ ਦੇ ਵੀ ਦੁੱਖ-ਦਰਦ ਦੂਰ ਹੋਣਗੇ। ਸੋ ਭਾਈ ਇਸ ਪ੍ਰਕਾਰ ਮਾਲੜੀ ਦੇ ਗੁਰਦੁਆਰੇ ਨੂੰ ਗੁਰੂ ਅਰਜਨ ਦੇਵ ਦਾ ਅਸ਼ੀਰਵਾਦ ਪ੍ਰਾਪਤ ਹੈ। ਉਥੇ ਇਕ ਸੁੰਦਰ ਤੇ ਖ਼ੂਬਸੂਰਤ ਗੁਰਦੁਆਰਾ ਬਣਿਆ ਹੋਇਆ ਹੈ। ਬਹੁਤ ਹੀ ਸ਼ਰਧਾਲੂ ਹਰ ਸਨਿਚਰਵਾਰ ਰਾਤੀਂ ਆਉਂਦੇ ਹਨ। ਪੂਰੀ ਰਾਤ ਕੀਰਤਨ ਦਰਬਾਰ ਚਲਦਾ ਹੈ। ਇਸ ਕਰਕੇ ਭਾਈ ਕਿਉਂ ਨਾ ਪੂਜੀਏ ਗੁਰੂ ਅਰਜਨ ਨੂੰ” ਜਪਿਓ ਜਿਨ ਅਰਜਨ ਦੇਵ ਗੁਰੂ ਗੁਰੂ ਅਰਜਨ ਨੇ ਇਕ ਚਮਾਰ ਨੂੰ ਥਾਪੜਾ ਦੇ ਕੇ ਬਲ ਬਖਸ਼ਿਆ।”
ਸਮੇਂ ਦਾ ਤਕਾਜਾ। ਉਮਰ-ਬਾਪੂ ਬਿਰਧ ਹੋ ਗਿਆ ਸੀ ਹੋਰ ਬਿਰਧ। ਮੈਂ ਜਿਵੇਂ ਕਿਵੇਂ ਦਸਵੀਂ ਪਾਸ ਕਰ ਗਿਆ। ਨੇੜੇ ਦੇ ਸ਼ਹਿਰ ਕਾਲਜ ਵਿਚ ਪੜ੍ਹਨ ਲੱਗ ਪਿਆ। ਕਾਲਜ ਵਿਚ ਤਾਂ ਮੁੰਡੇ ਕੁੜੀਆਂ ਦੀ ਚਹਿਲ-ਪਹਿਲ ਰਹਿੰਦੀ। ਮੈਨੂੰ ਸਾਰਾ ਕੁਝ ਬੜਾ ਅਜੀਬ ਲਗਦਾ ਨਵਾਂ-ਨਵਾਂ ਤੇ ਸੁੰਦਰ ਵੀ। ਉਥੇ ਸਭ ਕੁਝ ਨਵਾਂ ਸੀ । ਪਰ ਕਾਲਜ ਦੇ ਗੇਟ ਦੇ ਸਾਹਮਣੇ ਤਿੰਨ-ਚਾਰ ਮੋਚੀ ਉਹ ਵੀ ਬਿਰਧ ਅਵਸਥਾ ਵਿਚ ਨਾਲ- ਨਾਲ ਬੈਠਦੇ। ਉਹ ਹੁੱਕਾ ਪੀਂਦੇ ਜਾਂ ਬੀੜੀ ਜਾਂ ਸਿਗਰਟ ਵੀ ਪੀਂਦੇ। ਉਹ ਹਮੇਸ਼ਾ ਕੰਮ ਲੱਗੇ ਰਹਿੰਦੇ। ਜਦ ਕੰਮ ਨਾ ਹੁੰਦਾ ਤਾਂ ਉਹ ਅਖ਼ਬਾਰ ਪੜ੍ਹਦੇ। ਉਹ ਕੰਮ ਕਰਨ ਦੇ ਪੈਸੇ ਲੈਂਦੇ। ਸ਼ਾਮ ਤੱਕ ਉਨ੍ਹਾਂ ਦੀਆਂ ਜੇਬਾਂ ਪੈਸਿਆਂ ਨਾਲ ਭਰੀਆਂ ਹੁੰਦੀਆਂ। ਕਾਲਜ ਇੰਟਰ ਕਰਨ ਲੱਗੇ ਮੁੰਡੇ ਤੁਰੇ ਤੁਰੇ ਜਾਂਦੇ ਉਹਨਾਂ ਸਾਹਮਣੇ ਆ ਖੜ੍ਹੇ ਹੁੰਦੇ।
“ਆਹ ਮਾਰੀਂ ਯਾਰ ਪਾਲਸ਼ ਆਹ ਮਾਰੀਂ ਯਾਰ ਬੁਰਸ਼ ਮਾੜਾ ਜਿਹਾ… ਚਮਕਾਈਂ ਮਾੜੀ ਜਿਹੀ ਜੁੱਤੀ….” ਵੱਡੇ ਘਰਾਂ ਦੇ ਕਾਕਿਆਂ ਦਾ ਪੈਰ ਤੇ ਕਿਸੇ ਮੋਚੀ ਦੀ ਪਥਰੀ ‘ਤੇ ਹੁੰਦਾ ਤੇ ਨਿਗਾਹ ਆਉਂਦੀ ਜਾਂਦੀ ਕੁੜੀ ਵਲ…। ਉਦੋਂ ਪਾਲਸ਼ ਦਾ ਰੇਟ ਚੁਆਨੀ ਹੁੰਦਾ ਤੇ ਉਹ ਕਾਕੇ ਅਠੱਨੀ ਰੁਪਈਆ ਵੀ ਦੇ ਜਾਂਦੇ। ਪਤਾ ਨਹੀਂ ਕਿਉਂ ਇਹਨਾਂ ਸਭ ਮੋਚੀਆਂ ‘ਚੋਂ ਮੈਨੂੰ ਆਪਣਾ ਬਾਪੂ ਨਜ਼ਰ ਆਉਂਦਾ…।
ਮੈਂ ਵਾਪਸ ਕਾਲਜ ਤੋਂ ਆ ਕੇ ਘਰ ਬਾਪੂ ਨੂੰ ਸ਼ਹਿਰ ਦੀਆਂ ਗੱਲਾਂ ਦੱਸਦਾ । ਉਹ ਗੱਲਾਂ ਸੁਣ ਲੈਂਦਾ। ਆਪਣੇ ਘਰ ਦੀ ਹਾਲਤ ਦਾ ਪਤਾ ਲਗਦਾ। ਮੈਂ ਬਾਪੂ ਨੂੰ ਸਲਾਹ ਦਿੱਤੀ ਕਿ ਜੇ ਇਹ ਮੋਚੀਗਿਰੀ ਹੀ ਕਰਨੀ ਹੈ ਤਾਂ ਸ਼ਹਿਰ ਚਲੋ। ਸ਼ਹਿਰ ਵਾਲੇ ਮੋਚੀ ਬਹੁਤ ਕਮਾਈ ਕਰਦੇ ਹਨ। ਸ਼ਹਿਰ ਵਿਚ ਰਹਿਣ ਦੀਆਂ ਬਹੁਤ ਸਹੂਲਤਾਂ ਹਨ। ਬੱਸ ਅੱਡਾ ਨੇੜੇ-ਗੱਡੀ ਦਾ ਸਟੇਸ਼ਨ ਨੇੜੇ। ਸ਼ਹਿਰ ਵਾਲੇ ਮੋਚੀ ਜ਼ਰਾ ਕੁ ਬੁਰਸ਼ ਮਾਰਿਆ- ਰੁਪਈਆ-ਦੋ ਰੁਪਈਏ ਅਗਲਾ ਐਵੇਂ ਹੀ ਦੇ ਜਾਂਦਾ।
ਬਾਪੂ ਕਹਿੰਦਾ ਨਹੀਂ ਬੇਟਾ ਇਹ ਆਪਣੇ ਵੱਡੇ ਵਡੇਰਿਆਂ ਦੀ ਜਗ੍ਹਾ ਹੈ ਇਸ ਨੂੰ ਛੱਡਣਾ ਠੀਕ ਨਹੀਂ। ਕਈ ਪੁਸ਼ਤਾਂ ਤੋਂ ਆਪਾਂ ਏਥੇ ਟਿਕੇ ਹੋਏ ਹਾਂ। ਇਹਨੂੰ ਛੱਡਣਾ ਠੀਕ ਨਹੀਂ। ਮਾੜੀ ਮੋਟੀ ਕੁੱਲੀ ਬਣੀ ਹੋਈ ਆ-ਬਣੀ ਰਹੇ। ਹਾਂ ਤੈਨੂੰ ਕਿਧਰੇ ਨੌਕਰੀ ਮਿਲ ਜਾਵੇ ਤੇਰੀ ਕਿਸਮਤ ਪਰ ਮੇਰੀ ਇੱਛਾ ਹੈ ਜਿੰਨੀ ਬਚੀ ਹੈ ਮੈਂ ਇਸੇ ਨਗਰ ‘ਚ ਹੀ ਕੱਟ ਲਵਾਂ ਨਾਲੇ ਸਾਰਾ ਭਾਈਚਾਰਾ ਇਥੇ ਹੀ ਹੈ। ਭਾਵੇਂ ਭਾਈਚਾਰੇ ‘ਚੋਂ ਬਹੁਤੇ ਘਰਾਂ ਨਾਲ ਮੇਲ ਜੋਲ ਨਹੀਂ ਸੀ ਪਰ ਉਹ ਫਿਰ ਵੀ ਭਾਈਚਾਰੇ ਨੂੰ ਆਪਣਾ ਹੀ ਭਾਈਚਾਰਾ ਸਮਝਦਾ।
ਬਾਪੂ ਦੀ ਸੁਣੀ ਗਈ। ਮੈਂ ਅਜੇ ਕਾਲਜ ਪੜ੍ਹਦਾ ਹੀ ਸੀ ਕਿ ਮੈਨੂੰ ਸਰਕਾਰੀ ਨੌਕਰੀ ਮਿਲ ਗਈ। ਬੇਰੁਜ਼ਗਾਰੀ ਦੇ ਜ਼ਮਾਨੇ ਵਿਚ ਨੌਕਰੀ ਲੱਗਣਾ ਗਨੀਮਤ ਸੀ। ਮੈਂ ਬੜਾ ਖੁਸ਼ ਤੇ ਬਾਪੂ ਵੀ ਬੜਾ ਖੁਸ਼।
ਨੌਕਰੀ ਵੀ ਚੰਡੀਗੜ੍ਹ ਮਿਲੀ। ਚੰਡੀਗੜ੍ਹ ਇਕ ਖੂਬਸੂਰਤ ਸ਼ਹਿਰ। ਰਹਿਣ ਲਈ ਘਰ ਵੀ ਚਾਹੀਦਾ ਸੀ। ਘਰ ਲੱਭਣ ਲਈ ਜਿਥੇ ਵੀ ਜਾਓ ਅਗਲੇ ਪੂਰੀ ਇੰਟਰਵਿਊ ਲੈਣ…।
ਕਿਥੋਂ ਆਏ ਹੋ? ਕੌਣ ਹੋ? ਕਿਹੜੀ ਜਾਤ…? ਕਿੰਨੀ ਤਨਖ਼ਾਹ ਤੇ ਕਿੰਨਾ ਪੜ੍ਹੇ ਹੋ….? ਵਗੈਰਾ ਵਗੈਰਾ….
ਅਖ਼ੀਰ ਇਕ ਜਗ੍ਹਾ ਮਕਾਨ ਮਿਲਿਆ। ਅਗਲ-ਬਗਲ ਵੀ ਕਈ ਘਰ ਇਕ ਹੀ ਕੋਠੀ ਵਿਚ ਕੋਈ ਜੈਨ, ਕੋਈ ਗੁਪਤਾ, ਕੋਈ ਅਗਰਵਾਲ।
ਨਾਲ ਦੇ ਦੋ ਕਮਰਿਆਂ ਵਿਚ ਰਹਿੰਦਾ ਇਕ ਚੋਪੜਾ ਇਕ ਦਿਨ ਆਇਆ ਤੇ ਕਹਿਣ ਲੱਗਾ, “ਹੋਰ ਸ਼ਰਮਾ ਜੀ ਕੀ ਹਾਲ ਹੈ?”
ਮੈਂ ਕਿਹਾ, “ਹਾਲ ਤਾਂ ਠੀਕ ਹੈ ਪਰ ਮੈਂ ਸ਼ਰਮਾ ਨਹੀਂ ਮੇਰੇ ਨਾਂ ਨਾਲ ਸ਼ਰਮਾ ਕਿਉਂ ਜੋੜ ਦਿੱਤਾ….।”
“ਨਹੀਂ ਨਹੀਂ ਕਿਉਂ ਮਜ਼ਾਕ ਕਰਦੇ ਹੋ ਤੁਸੀਂ, ਗੋਰੇ ਚਿੱਟੇ ਖੂਬਸੂਰਤ ਹੋ ਘੱਟ ਵੀ ਕੀ ਹੈ ਘੱਟ ਵੀ ਕਿਧਰੋਂ ਹੋ ਅਸੀਂ ਤੁਹਾਨੂੰ ਸ਼ਰਮਾ ਹੀ ਕਿਹਾ ਕਰਨਾ ।”
ਮੈਨੂੰ ਲੱਗਿਆ ਕਿ ਇਹ ਸ਼ਹਿਰ ਦੀ ਜ਼ਿੰਦਗੀ ਤਾਂ ਪੂਰੀ ਬਨਾਵਟੀ ਜ਼ਿੰਦਗੀ ਹੈ। ਹੌਲੀ-ਹੌਲੀ ਬਨਾਵਟੀ ਜ਼ਿੰਦਗੀ ਵਿਚ ਵਿਚਰਨ ਲੱਗੇ…. ।
ਬਾਪੂ ਨੂੰ ਕਈ ਵਾਰ ਆਖਿਆ ਸੀ ਕਿ ਚੰਡੀਗੜ੍ਹ ਆਓ। ਪਰ ਉਹ ਕਦੀ ਨਾ ਆਏ। ਇਕ ਵਾਰ ਉਹ ਬਿਮਾਰ ਹੋ ਗਏ। ਫਿਰ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਕੁਝ ਦਿਨ ਇਲਾਜ ਚੱਲਿਆ ਤੇ ਉਹ ਠੀਕ ਹੋ ਗਏ। ਡਾਕਟਰ ਨੇ ਸਲਾਹ ਦਿੱਤੀ ਕਿ ਤੁਰਿਆ ਫਿਰਿਆ ਕਰੋ। ਉਹ ਹੌਲੀ-ਹੌਲੀ ਤੁਰਦੇ ਫਿਰਦੇ ਘਰ ਤੋਂ ਬਾਹਰ ਜਾਣ ਲੱਗੇ। ਗਲੀ ‘ਚੋਂ ਨਿਕਲਦੇ-ਨਿਕਲਦੇ ਸੜਕ ‘ਤੇ…। ਤੇ ਫਿਰ ਸੜਕ ਤੋਂ ਚਲਦੇ-ਚਲਦੇ ਮਾਰਕੀਟ ਵਲ ਨਿਕਲਣ ਲੱਗੇ। ਇਹ ਉਨ੍ਹਾਂ ਦਾ ਰੋਜ਼ ਦਾ ਕੰਮ ਹੋ ਗਿਆ। ਫਿਰ ਉਹ ਆਪੇ ਹੀ ਵਾਪਸ ਆ ਜਾਂਦੇ।
ਇਕ ਦਿਨ ਉਹ ਘਰੋਂ ਘੁੰਮਣ ਗਏ ਤਾਂ ਕਾਫੀ ਦੇਰ ਤੱਕ ਵਾਪਸ ਨਹੀਂ ਆਏ। ਸਾਨੂੰ ਚਿੰਤਾ ਹੋ ਗਈ। ਅਸੀਂ ਸਾਰੇ ਉਹਨਾਂ ਨੂੰ ਘਰੋਂ ਬਾਹਰ ਲੱਭਣ ਤੁਰ ਪਏ। ਮੇਰੇ ਗੁਆਂਢੀ ਵੀ ਦੋ-ਤਿੰਨ ਨਾਲ ਸਨ। ਜਦ ਅਸੀਂ ਮਾਰਕੀਟ ਵਿਚ ਗਏ ਤਾਂ ਉਹ ਇਕ ਮੋਚੀ ਕੋਲ ਬੈਠੇ ਹੁੱਕਾ ਪੀ ਰਹੇ ਸਨ। ਮੈਂ ਇਹ ਦੇਖ ਕੇ ਬੜਾ ਸ਼ਰਮਿੰਦਾ ਹੋਇਆ। ਮੇਰੀ ਇਥੇ ਬੜੀ ਇੱਜ਼ਤ ਸੀ ਸਾਰੇ ਘਰਾਂ ਵਿਚ। ਜੈਨ, ਗੁਪਤਾ, ਅਗਰਵਾਲ, ਚੋਪੜਾ ਸਾਰੇ ਹੀ ਮੈਨੂੰ ਸ਼ਰਮਾ ਜੀ ਕਹਿੰਦੇ ਸਨ ਤੇ ਮੇਰਾ ਪਿਉ ਇਕ ਮੋਚੀ ਨਾਲ ਬੈਠ ਕੇ ਹੁੱਕਾ ਪੀ ਰਿਹਾ ਹੈ। ਇਹ ਲੋਕ ਕੀ ਸੋਚਣਗੇ।
ਘਰ ਆਏ। ਮੇਰਾ ਗੁਆਂਢੀ ਚੋਪੜਾ ਹੋਰ ਹੀ ਸੋਚਣ ਲੱਗਾ। ਉਹ ਮੇਰੇ ਘਰ ਆਇਆ “ਓਏ ਸ਼ਰਮਾ ਜੀ ਤੁਸੀਂ ਸ਼ਰਮੇ ਪੰਡਤ ਹੋ ਕੇ-ਮੋਚੀਆਂ-ਚਮਾਰਾਂ ਨਾਲ ਹੁੱਕਾ ਪੀਂਦੇ ਹੋ ਬੜੀ ਮਾੜੀ ਗੱਲ ਹੈ। ਪਿਤਾ ਜੀ ਜੇਕਰ ਹੁੱਕਾ ਪੀਂਦੇ ਨੇ ਤਾਂ ਹੁੱਕਾ ਲਿਆ ਦੇਣਾ ਸੀ-ਸਿਗਰਟਾਂ ਦੀ ਡੱਬੀ ਲਿਆ ਦਿੰਦੇ ਸਾਡੇ ਬਜ਼ੁਰਗ ਵੀ ਤਾਂ ਹੁੱਕਾ ਪੀਂਦੇ ਸੀ…।” ਚੋਪੜਾਂ ਬੋਲ ਕੇ ਚਲਾ ਗਿਆ। ਮੈਂ ਕੁਝ ਨਾ ਬੋਲਿਆ। ਨਾ ਹੀ ਬੋਲ ਸਕਿਆ। ਮੈਂ ਬੜਾ ਸ਼ਰਮਿੰਦਾ ਹੋ ਗਿਆ।
ਅਸੀਂ ਬਾਪੂ ਨੂੰ ਲੈ ਕੇ ਘਰ ਆ ਗਏ।….
“ਯਾਰ ਆਹ ਚੌਕ ਵਿਚ ਬੈਠਾ ਮੋਚੀ ਬੜਾ ਚੰਗਾ ਆਦਮੀ ਹੈ।” ਬਾਪੂ ਉਸ ਮੋਚੀ ਦੀ ਤਰੀਫ਼ ਕਰਨ ਲੱਗਾ ਜਿਸ ਨਾਲ ਹੁੱਕਾ ਪੀਂਦਾ ਉਹ ਜਿਵੇਂ ਫੜਿਆ ਗਿਆ मी।
“ਮੇਰਠ ਵਲ ਦਾ ਚਮਾਰ ਹੈ । ਤੁਹਾਨੂੰ ਸਭ ਨੂੰ ਜਾਣਦਾ। ਮੈਂ ਦੱਸਿਆ ਤੇਰੇ ਬਾਰੇ ਬਈ ਉਹ ਮੇਰਾ ਲੜਕਾ। ਸਾਡਾ ਪਿੰਡ ਜਲੰਧਰ ਵਲ ਹੈ। ਉਹ ਯਕੀਨ ਹੀ ਨਾ ਕਰੇ- ਆਹ ਚੋਪੜਾ-ਗੁਪਤਾ ਸਭ ਨੂੰ ਜਾਣਦਾ-ਤੈਨੂੰ ਕਹਿੰਦਾ ਕਿ ਤੂੰ ਤਾਂ ਬ੍ਰਾਹਮਣਾਂ ਦਾ ਮੁੰਡਾ ਸ਼ਰਮਾ..?” ਬਾਪੂ ਬੋਲੀ ਜਾ ਰਿਹਾ ਸੀ ਮੈਂ ਕੋਈ ਹੁੰਗਾਰਾ ਨਹੀਂ ਦਿੱਤਾ।
“ਉਹ ਤੂੰ ਆਪਣੀ ਜਾਤ ਬਦਲ ਕੇ ਰਹਿੰਦਾਂ ਏਥੇ,” ਮੈਨੂੰ ਕੁਝ ਨਾ ਬੋਲਦਾ ਸੁਣ ਉਸ ਪ੍ਰਸ਼ਨ ਕਰ ਮਾਰਿਆ ਸੀ। ਮੈਂ ਚੁੱਪ ਸਾਂ। ਚੋਪੜਾ ਨਾਲ ਦੇ ਕਮਰੇ ‘ਚੋਂ ਫਿਰ ਆ ਗਿਆ।
ਉਹ ਬਾਬੂ ਜੀ ਤੁਸੀਂ ਦੱਸਣਾ ਸੀ ਏਥੇ ਸਿਗਰਟ ਲਿਆ ਦੇਂਦੇ ਤੁਹਾਨੂੰ ਤੁਸੀਂ ਮੋਚੀ ਨਾਲ ਹੁੱਕਾ ਪੀਣ ਬੈਠ ਗਏ ਵੈਸੇ ਤਾਂ ਕੋਈ ਫਰਕ ਨਹੀਂ ਪੈਂਦਾ।” ਮੈਂ ਫਿਰ ਵੀ ਬੋਲ ਨਾ ਸਕਿਆ।
ਬਾਪੂ ਫਿਰ ਬੋਲੇ “ਯਾਰ ਫਿਰ ਕੀ ਹੋਇਆ ਉਹ ਆਪਣਾ ਜੋਟੀਦਾਰ ਹੈ। ਬਹੁਤ ਵਧੀਆ ਆਦਮੀ ਹੈ। ਮੇਰਠ ਵਲ ਦਾ ਹੈ। ਮੈਂ ਤਾਂ ਰੋਜ਼ ਉਸ ਕੋਲ ਹੀ ਜਾ ਕੇ ਬੈਠਦਾ ਹਾਂ। ਉਹ ਤਾਂ ਗਿਆਨੀ ਬੜਾ ਵਧੀਆ ਹੈ। ਬੜੀਆਂ ਗੱਲਾਂ ਕਰਦਾ ਹੈ। ਮੇਰਾ ਤਾਂ ਉਹ ਬਹੁਤ ਖਿਆਲ ਕਰਦਾ ਹੈ। ਮੈਨੂੰ ਤਾਂ ਉਸ ਦੋ-ਤਿੰਨ ਵਾਰ ਸ਼ਰਾਬ ਵੀ ਪਿਲਾਈ।” ਹੁਣ ਤਕ ਮੈਂ ਪੂਰੀ ਤਰ੍ਹਾਂ ਖਿਝ ਗਿਆ ਸੀ ਸਾਰਾ ਕੁਝ ਸੁਣ ਸੁਣਾ ਕੇ।
“ਇਹ ਪਿੰਡ ਨਹੀਂ ਹੈ ਇਹ ਸ਼ਹਿਰ ਹੈ ਤੁਸੀਂ ਮੇਰੀ ਬਣੀ ਬਣਾਈ ਖ਼ੇਹ ਵਿਚ ਮਿਲਾ ਦਿੱਤੀ। ਤੁਸੀਂ ਮੇਰੀ ਇਜ਼ਤ ਦਾ ਤਾਂ ਖਿਆਲ ਰੱਖਦੇ ਤੁਸੀਂ ਉਸ ਮੋਚੀ ਨਾਲ ਬੈਠ ਕੇ ਹੁੱਕਾ ਪੀਣ ਲੱਗ ਪਏ। ਉਸ ਕੋਲ ਜਾ ਕੇ ਕੱਲ੍ਹ ਤੋਂ ਹੁੱਕਾ ਨਹੀਂ ਪੀਣਾ ।” ਮੈਂ ਖਿਝ ਕੋ ਬੋਲਿਆ।
ਬਾਪੂ ਸਾਰਾ ਕੁਝ ਸਮਝ ਗਿਆ ਸੀ । ਉਸ ਨੂੰ ਗੁੱਸਾ ਵੈਸੇ ਵੀ ਬੜੀ ਜਲਦੀ ਆ ਜਾਂਦਾ ਸੀ
“ਓਏ ਵੱਡਿਆ ਪੜ੍ਹਾਕੂਆ ਮੈਂ ਨਿਆਣਾ ਨਹੀਂ-ਮੈਂ ਸਮਝ ਗਿਆ ਸਭ ਕੁਝ..ਤੂੰ ਆਪਣੀ ਔਕਾਤ ਭੁੱਲ ਗਿਆ ਤੂੰ ਵੀ ਇਕ ਮੋਚੀ ਦਾ ਪੁੱਤ ਏਂ ਨਾ-ਚੰਗੀ ਨੌਕਰੀ ਲੱਗਿਆਂ ਮੋਚੀਆਂ ਦੇ ਘਰ ਜੰਮ ਕੇ ਤੈਨੂੰ ਮੋਚੀ ਹੀ ਚੰਗੇ ਨਹੀਂ ਲਗਦੇ। ਤੂੰ ਮੈਨੂੰ ਉਸ ਮੋਚੀ ਦੇ ਕੋਲ ਜਾਣ ਤੋਂ ਰੋਕਦਾਂ । ਤੂੰ ਮੈਨੂੰ ਉਸ ਮੋਚੀ ਨਾਲ ਹੁੱਕਾ ਪੀਣ ਤੋਂ ਰੋਕਦਾਂ। ਅੱਗ ਲਾਉਣੀ ਤੇਰੀ ਇਹੋ ਜਿਹੀ ਪੜ੍ਹਾਈ ਨੂੰ ਤੇ ਨੌਕਰੀ ਨੂੰ ਜੇਕਰ ਬੰਦਾ ਆਪਣੀ ਔਕਾਤ ਹੀ ਭੁੱਲ ਜਾਵੇ। ਮੈਂ ਇਕ ਮੋਚੀ ਦਾ ਪੁੱਤ ਹਾਂ ਤੇ ਤੂੰ ਵੀ-ਜਿਸ ਕੋਲ ਮੈਂ ਹੁੱਕਾ ਪੀ ਰਿਹਾ ਸੀ ਉਹ ਵੀ ਮੋਚੀ ਹੈ। ਮੈਂ ਦੇਖ ਰਿਹਾ ਹਾਂ ਤੇਰੇ ਤਾਂ ਸ਼ਹਿਰ ਆਉਣ ਨਾਲ ਤੇਰਾ ਮੱਚ ਹੀ ਮਰ ਗਿਆ। ਤੂੰ ਤਾਂ ਗੱਲਾਂ ਹੀ ਹੋਰ ਤਰ੍ਹਾਂ ਦੀਆਂ ਕਰਦਾਂ। ਤੇਰੇ ‘ਚ ਤਾਂ ਗੱਲ ਕਰਨ ਦੀ ਹਿੰਮਤ ਹੀ ਨਹੀਂ। ਉਏ ਤੂੰ ਪੜ੍ਹ ਲਿਖ ਕੇ ਡਰੀ ਜਾਨਾ ਮੈਂ ਅਨਪੜ੍ਹ ਹੋ ਕੇ ਨਹੀਂ ਡਰਦਾ। ਪਿੰਡ ਤੂੰ ਮੇਰੇ ਨਾਲ ਮੋਚੀ ਦਾ ਕੰਮ ਕਰਦਾ ਰਿਹਾ ਜੁੱਤੀਆਂ ਗੰਢਦਾ ਰਿਹਾ-ਅਜੇ ਤਾਂ ਤੂੰ ਮਮੂਲੀ ਕਲਰਕ ਬਣਿਆ। ਜੇਕਰ ਕੋਈ ਚੱਜ ਦੀ ਨੌਕਰੀ ਮਿਲ ਜਾਂਦੀ ਫਿਰ ਕੀ ਕਰਦਾ। ਲਿਆ ਫੜਾ ਮੇਰੇ ਕਪੜੇ ਮੈਂ ਨਹੀਂ ਇਥੇ ਕੈਦ ਵਿੱਚ ਰਹਿੰਦਾ. ו”
ਉਸ ਨੂੰ ਚੁੱਪ ਕਰਾਉਣਾ ਮੁਸ਼ਕਲ ਹੋ ਗਿਆ ਸੀ। ਉਹ ਬੋਲ ਬੂਲਕੇ ਖੁਦ ਹੀ ਸ਼ਾਂਤ ਹੋ ਗਿਆ। ਸਾਡੇ ਸਭ ਗੁਆਂਢੀਆਂ ਨੂੰ ਅਸਲੀਅਤ ਪਤਾ ਲਗ ਗਈ ਸੀ। ਉਹ ਸਾਰੀ ਵਾਰਤਾਲਾਪ ਸੁਣਦੇ ਰਹੇ ਸਨ । ਬਾਪੂ ਆਪਣੀ ਆਈ ਤੇ ਆ ਗਿਆ ਸੀ ਉਹ ਗੁੱਸੇ ‘ਚ ਪਿੰਡ ਵਾਪਸ ਚਲਾ ਗਿਆ।
ਇਸ ਘਟਨਾ ਤੋਂ ਬਾਅਦ ਮੈਂ ਹੋਰ ਚੁੱਪ ਚੁੱਪ ਰਹਿਣ ਲੱਗਾ। ਆਲੇ ਦੁਆਲੇ ਪੜੋਸੀਆਂ ਨਾਲ ਨਮਸਤੇ ਤਾਂ ਹੁੰਦੀ-ਰਸਤੇ ‘ਚ ਮਿਲਦਿਆਂ ਗਿਲਦਿਆਂ ਪਰ ਜਿਹੜੀ ਅਪਣਤ ਪਹਿਲਾਂ ਬਣੀ ਸੀ ਉਹ ਖਤਮ ਹੋ ਗਈ ਸੀ। ਪਹਿਲਾਂ ਜੋ ਲੈਣ ਦੇਣ ਬਣਿਆ ਸੀ ਕੋਈ ਸਬਜ਼ੀ ਦੇ ਕੇ ਦਾਲ ਦੇ ਗਿਆ ਤੇ ਦਾਲ ਦੇ ਕੇ ਸਬਜ਼ੀ ਉਹ ਖਤਮ ਹੋ ਗਿਆ ।
ਬਾਪੂ ਨੂੰ ਪਿੰਡ ਜਾਣ ਲੱਗਿਆ ਬਹੁਤ ਸਮਝਾਇਆ ਸੀ ਕਿ ਇਹ ਸ਼ਹਿਰ ਹੈ ਤੇ ਸ਼ਹਿਰੀ ਜ਼ਿੰਦਗੀ ਹੈ ਹੀ ਡੁਪਲੀਕੇਟ ਜਾਣੀ ਬਨਾਵਟੀ ਜ਼ਿੰਦਗੀ ਹੈ। ਪਰ ਉਹ ਸਹਿਮਤ ਨਹੀਂ ਸੀ ਹੋਇਆ। ਉਹ ਇਕੋ ਗੱਲ ਤੇ ਅੜਿਆ ਹੋਇਆ ਸੀ
“ਸਾਲਿਓ ਤੁਸੀਂ ਪੜ੍ਹ ਲਿਖ ਕੇ ਡਰਦੇ ਹੋ-ਮੈਂ ਅਨਪੜ੍ਹ ਹੋ ਕੇ ਨਹੀਂ ਡਰਦਾ ਤੇ ਜਿਸ ਕੌਮ ਦੇ ਪੜ੍ਹੇ ਲਿਖੇ ਲੋਕ ਡਰਪੋਕ ਹੋਣਗੇ। ਸਚਾਈ ਤੋਂ ਡਰਨਗੇ ਸਚਾਈ ਦਾ ਸਾਹਮਣਾ ਨਹੀਂ ਕਰਨਗੇ। ਉਹ ਕੌਮ ਦਾ ਕੀ ਸੁਆਰਨਗੇ।”
ਏਨਾ ਆਖ ਉਹ ਵਾਪਸ ਪਿੰਡ ਚਲਾ ਗਿਆ ਸੀ ਮੁੜ ਕਦੀ ਚੰਡੀਗੜ੍ਹ ਸਾਡੇ ਪਾਸ ਨਹੀਂ ਸੀ ਆਇਆ।
ਮੈਂ ਵੀ ਪਿੰਡ ਜਾਣਾ ਘੱਟ ਕਰ ਦਿੱਤਾ ਸੀ। ਇੱਕ ਤਾਂ ਬਾਪੂ ਰੁਸਕੇ ਚਲਾ ਗਿਆ। ਉਹ ਪਿੰਡ ਗਿਆ ਨਾਲ ਵੀ ਸਿੱਧੇ ਮੂੰਹ ਗੱਲ ਹੀ ਨਾ ਕਰਦਾ ਦੂਸਰਾ ਹੋਰ ਮਜ਼ਬੂਰੀਆਂ ਖਰਚੇ ਆਦਿ ਦੀਆਂ। ਬਾਪੂ ਦੇ ਸਾਹਮਣੇ ਹੋਣਾ ਡਰ ਲਗਦਾ ਸੀ ਉਸਦੇ ਗੁੱਸੇ ਦਾ ਡਰ । ਉਹ ਐਸੀ ਅਜ਼ਾਦ ਆਤਮਾ ਕਿਸੇ ਦੇ ਕਾਬੂ ‘ਚ ਨਾ ਆਉਂਦੀ।
“ਮੈਂ ਜਾਣਦਾ ਇਹਨਾਂ ਪੜ੍ਹਿਆ ਲਿਖਿਆ ਨੂੰ ਇਹ ਡਰਪੋਕ ਹਨ।”
ਉਹ ਅੱਗੋਂ ਬੋਲਦਾ।
ਪਤਾ ਨਹੀਂ ਫਿਰ ਇਹ ਗੱਲ ਉਸ ਦੀ ਸਮਝ ਵਿੱਚ ਕਿਵੇਂ ਆਈ ਕਿ ਇਹ ਜਾਤ-ਪਾਤ ਦੀ ਬਿਮਾਰੀ ਸ਼ਹਿਰਾਂ ‘ਚ ਜ਼ਿਆਦਾ ਹੈ। ਪਤਾ ਲਗ ਜਾਵੇ ਕਿ ਬੰਦਾ ਨੀਵੀਂ ਜਾਤ ਦਾ ਹੈ ਤਾਂ ਬੰਦੇ ਦੀ ਉਹ ਇਜ਼ਤ ਨਹੀਂ ਹੁੰਦੀ ਜਿਹੜੀ ਕਿ ਦੂਜੀਆਂ ਉੱਚੀਆਂ ਜਾਤਾਂ ਵਾਲਿਆਂ ਦੀ ਹੁੰਦੀ ਹੈ। ਫਿਰ ਉਹ ਹੌਲੀ ਹੌਲੀ ਸਮਝਣ ਲਗ ਪਿਆ ਤੇ ਹਾਲਾਤਾਂ ਨੂੰ ਨਿੰਦਣ ਲਗ ਪਿਆ ਸੀ। ਪਰ ਉਹ ਜਿਥੇ ਅੜ ਗਿਆ ਤੇ ਅੜ ਗਿਆ।
ਬਾਪੂ ਬਹੁਤ ਲੰਮੀ ਉਮਰ ਭੋਗ ਕੇ ਇੱਕ ਦਿਨ ਰੱਬ ਨੂੰ ਪਿਆਰਾ ਹੋ ਗਿਆ। ਅਸੀਂ ਸਾਰੇ ਭੈਣ ਭਰਾ ਰਿਸ਼ਤੇਦਾਰ ਸਬੰਧੀ ਉਹਨਾਂ ਦੀ ਮ੍ਰਿਤਕ ਦੇਹ ਦੇ ਨਜ਼ਦੀਕ ਬੈਠੇ ਹਾਂ। ਹੋਰ ਵੀ ਬਹੁਤ ਸਾਰੇ ਲੋਕ ਬੈਠੇ ਹਨ। ਇੱਕ ਤਰ੍ਹਾਂ ਨਾਲ ਵਿਹੜਾ ਭਰਿਆ ਪਿਆ ਹੈ। ਸੰਸਕਾਰ ਦੀਆਂ ਤਿਆਰੀਆਂ ਹੋ ਰਹੀਆਂ ਹਨ। ਕੁਝ ਰਿਸ਼ਤੇਦਾਰਾਂ ਦੀ ਉਡੀਕ ਕੀਤੀ ਜਾ ਰਹੀ ਹੈ।
ਬਾਪੂ ਦੀ ਜ਼ਿੰਦਗੀ ਦੀਆਂ ਗਾਥਾਵਾਂ ਦਾ ਜ਼ਿਕਰ ਚਲ ਰਿਹਾ ਹੈ। ਕੋਈ ਕਹਿੰਦਾ ਉਹ “ਸੂਰਮਾ” ਸੀ। ਕੋਈ ਕਹਿੰਦਾ ਉਹ ਕਿਸੇ ਤੋਂ ‘ਡਰਦਾ’ ਨਾ ਸੀ। ਬਹਾਦਰ ਸੀ ਕੋਈ ਗਿਆਨੀ ਤੇ ਬ੍ਰਹਮ ਗਿਆਨੀ ਦਾ ਰੁਤਵਾ ਉਸ ਨੂੰ ਦੇ ਰਿਹਾ ਸੀ। ਮੈਨੂੰ ਉਸ ਦੇ ਨਿਡਰ ਹੋਣ ਦੀ ਗੱਲ ਚੇਤੇ ਆ ਰਹੀ ਹੈ। ਉਹ ਗੁਰਬਾਣੀ ਦਾ ਭਗਤ ਗੁਰੂ ਅਰਜਨ ਦੇਵ ਦਾ ਚੇਲਾ ਸੀ ਨਿਡਰ ਰਹਿਣਾ ਸ਼ਾਇਦ ਉਸਨੇ ਗੁਰੂ ਅਰਜਨ ਤੋਂ ਹੀ ਪਾਇਆ ਸੀ। ਜਿਹੜੇ ਸ਼ਹੀਦਾਂ ਦੇ ਸਿਰਤਾਜ ਸਨ । ਉਸ ਨੇ ਮੈਨੂੰ ਇਕ ਵਾਰ ਫਿਟਕਾਰਿਆਂ ਸੀ
“ਸਾਲਿਆ ਤੂੰ ਪੜ੍ਹ ਲਿਖ ਕੇ ਡਰ ਰਿਹਾ ਏ ਮੈਂ ਅਨਪੜ੍ਹ ਹੋ ਕੇ ਨਹੀਂ ਡਰਦਾ ਫਿਟ ਲਾਹਣਤ ਤੇਰੇ ।”
ਹੁਣ ਮੈਨੂੰ ਯਾਦ ਆਇਆ ਮੈਂ ਇੱਕ ਮੋਚੀ ਦਾ ਪੁੱਤ-ਮੇਰਾ ਪਿਉ ਮੋਚੀ ਤੇ ਅੱਗੋਂ ਉਸ ਦਾ ਪਿਓ ਮੋਚੀ। ਮੈਨੂੰ ਇਹ ਵੀ ਯਾਦ ਆਇਆ ਕਿ ਮੈਂ ਇੱਕ ਵਾਰ ਇਕ ਮੋਚੀ ਨੂੰ ਦੂਜੇ ਮੋਚੀ ਕੋਲ ਜਾ ਕੇ ਹੁੱਕਾ ਪੀਣ ਤੋਂ ਵਰਜ ਦਿੱਤਾ ਸੀ। ਇਕ ਮੋਚੀ ਦੀ ਔਲਾਦ ਨੂੰ ਆਪਣੇ ਮੋਚੀ ਪਿਓ ਨਾਲ ਇੰਜ ਨਹੀਂ ਸੀ ਕਰਨਾ ਚਾਹੀਦਾ। ਮੈਨੂੰ ਪਛਤਾਵਾ ਹੋ ਰਿਹਾ ਹੈ। ਫਿਰ ਉਸ ਨੇ ਤਾਂ ਕਿਹਾ ਸੀ ਕਿ
“ਸਾਲਿਓ ਤੁਸੀਂ ਪੜ੍ਹ ਲਿਖਕੇ ਡਰ ਰਹੇ ਹੋ ਤੁਸੀਂ ਕੌਮ ਦਾ ਕੀ ਸਵਾਰੋਗੇ।”
ਮੈਨੂੰ ਆਪਣੇ ਘਰ ਬੈਠੇ ਨੂੰ ਪਛਤਾਵਾ ਹੋ ਰਿਹਾ ਹੈ ਮੈਨੂੰ ਇਸ ਤਰਾਂ ਵਿਵਹਾਰ ਨਹੀਂ ਸੀ ਕਰਨਾ ਚਾਹੀਦਾ। ਮੈਂ ਇਹ ਸੋਚ ਕੇ ਡੁਸਕਣ ਲੱਗ ਪਿਆ ਸੀ। ਮੇਰੀਆਂ ਅੱਖਾਂ ਚੋਂ ਹੰਝੂ ਵਗ ਰਹੇ ਸਨ। ਫਿਰ ਕਿਸੇ ਸਿਆਣੀ ਔਰਤ ਨੇ ਆ ਕੇ ਮੈਨੂੰ ਚੁੱਪ ਕਰਾਇਆ ਸੀ
“ਬਸ ਚੁੱਪ ਕਰ ਉਹ ਜਾਣੇ ਸਿਆਣਾ ਸਰੀਰ ਸੀ ਉਮਰ ਵੀ ਤਾਂ ਕਿਥੇ ਗਈ ਹੋਈ ਸੀ ਇਕ ਦਿਨ ਜਾਣਾ ਹੀ ਸੀ।”
ਬਾਪੂ ਦੇ ਮਰਨ ਤੋਂ ਬਾਅਦ ਪਿੰਡ ਜਾਣਾ ਬੰਦ ਹੋ ਗਿਆ ਸੀ। ਜਦ ਦਾ ਪਿੰਡ ਛੱਡਿਆ ਸੀ ਉਸ ਮੋਚੀ ਦੇ ਮੁੰਡੇ ਨੂੰ ਪਿੰਡ ਛੱਡਣ ਦਾ ਫੈਸਲਾ ਕਰ ਲਿਆ ਸੀ। ਹੁਣ ਮੈਂ ਚੰਡੀਗੜ੍ਹ ਦੀ ਕਲਰਕੀ ਛੱਡ ਦਿੱਤੀ ਸੀ। ਮੈਂ ਇੱਕ ਅਫਸਰ ਬਣ ਗਿਆ ਸੀ। ਇਹੀ ਮੇਰੇ ਬਾਪੂ ਦੀ ਇੱਛਾ ਵੀ ਸੀ। ਬਾਪੂ ਦੇ ਮਰਨ ਤੋਂ ਬਾਅਦ ਮੈਂ ਡਰਨਾ ਵੀ ਬੰਦ ਕਰ ਦਿੱਤਾ ਸੀ। ਉਸ ਆਖਿਆ ਸੀ ਨਾ “ਸਾਲਿਓ ਪੜ੍ਹ ਲਿਖਕੇ ਡਰੀ ਜਾਂਦੇ ਹੋ।”
ਮੈਂ ਚੰਡੀਗੜ੍ਹ ਛੱਡ ਕੇ ਭੋਪਾਲ ਆ ਗਿਆ ਸੀ ਜਿਥੋਂ ਮੈਨੂੰ ਜਗ੍ਹਾ ਜਗ੍ਹਾ ਤੇ ਟੂਰ ਤੇ ਜਾਣਾ ਪੈਂਦਾ ਸੀ। ਮੈਂ ਇੱਕ ਮੋਚੀ ਦੇ ਮੁੰਡੇ ਨੂੰ ਪਿੰਡ ਛੱਡ ਆਇਆ ਸੀ ਪਰ ਇਹ ਮੋਚੀ ਦਾ ਮੁੰਡਾ ਮੈਨੂੰ ਛੱਡ ਹੀ ਨਹੀਂ ਰਿਹਾ। ਮੈਂ ਜਿਥੇ ਵੀ ਟੂਰ ਤੇ ਜਾਂਦਾ ਹਾਂ ਇਹ ਮੋਚੀ ਦਾ ਮੁੰਡਾ ਮੈਨੂੰ ਕਿਧਰੇ ਨਾ ਕਿਧਰੇ ਫਿਰ ਟੱਕਰ ਜਾਂਦਾ ਹੈ। ਗੱਡੀ ਵਿੱਚ ਸਫਰ ਕਰਦਿਆਂ ਮਿਲ ਜਾਵੇਗਾ। ਏਅਰ ਪੋਰਟ ਤੇ ਬਾਹਰ ਹਵਾਈ ਜਹਾਜ਼ ਵਿੱਚ ਜਾਂਦਿਆਂ। ਕਾਰ ਵਿੱਚ ਸਫ਼ਰ ਕਰਦਿਆਂ। ਸਕੂਲਾਂ ਕਾਲਜਾਂ ਦੇ ਬਾਹਰ। ਹਸਪਤਾਲ ਜਾਂਦਿਆਂ। ਖਾਸ ਕਰਕੇ ਹੋਟਲਾਂ ਵਿੱਚ…..।
ਇੱਕ ਦਿਨ ਇੰਦੌਰ ਮੈਂ ਇੱਕ ਹੋਟਲ ਵਿਚ ਠਹਿਰਿਆ ਸਵੇਰੇ ਸਵੇਰੇ ਦਰਵਾਜ਼ਾ ਖੋਹਲਿਆਂ ਤਾਂ ਬਾਹਰ ਮੋਚੀ ਦਾ ਮੁੰਡਾ ਖੜਾ ਸੀ। ਉਮਰ ਪੰਦਰਾਂ ਕੁ ਸਾਲ ਹੋਵੇਗੀ ਕਿਆ ਹੇਅਰ ਸਟਾਈਲ-। ਲਾਲ ਰੰਗ ਦੀ ਸ਼ਰਟ ਉਸ ਪਹਿਨੀ ਹੋਈ ਸੀ।
“ਬਾਬੂ ਜੀ ਸ਼ੂਜ ਪਾਲਿਸ਼-ਕਰੀਮ ਪਾਲਿਸ਼ ਮਾਤਰ ਪਾਂਚ ਰੁਪਏ। ਇਕ ਦਮ ਚਮਕਾ ਦੇਂਗੇ।”?
“ਨਹੀਂ ਯਾਰ-ਅਭੀ ਨਹੀਂ।” ਉਹ ਚਲਾ ਗਿਆ।
ਏਨਾ ਕਹਿ ਮੈਨੂੰ ਅਚਾਨਕ ਆਪਣਾ ਬਚਪਨ ਯਾਦ ਆਇਆ ਫਿਰ ਕਿਹਾ ਹਾਂ ਚਲੋ ਆਓ ਕਰੋ ਪਾਲਸ਼ ਠੀਕ ਸੇ….. ਉਹ ਵੀ ਮੋਚੀ ਦਾ ਪੁੱਤ ਸੀ ਮੇਰੇ ਵਾਂਗ। ਉਹ ਜੁੱਤੀ ਪਾਲਿਸ਼ ਕਰਨ ਲੱਗਿਆ।
“ਕਿਆ ਨਾਮ ਹੈ ਬੇਟਾ”
“ਮਨੋਜ ਅਹੀਰਵਾਰ”-ਉਹ ਬੋਲਿਆ
“ਕਿਤਨਾ ਪੜ੍ਹੇ ਹੋ-“
‘ਜੀ ਦਸਵੀਂ ਤੱਕ’
“ਫਿਰ ਯੇਹ ਕਾਮ ਕਿਉਂ…?”
“ਅਭੀ ਨੌਕਰੀ ਨਹੀਂ ਮਿਲੀ ਮੇਰੇ ਪਿਤਾ ਜੀ ਵੀ ਯੇਹ ਹੀ ਕਾਮ ਕਰਤੇ ਹੈ। ਤੋਂ ਬੋਲੇ ਬੇਟਾ ਜਬ ਤੱਕ ਯੇਹੀ ਕਾਮ ਕਰੋ-ਯਹਾਂ ਆਤਾ ਹੂੰ । ਇਸ ਹੋਟਲ ਮੇਂ ਬੜੇ ਬੜੇ ਸਾਹਿਬ ਲੋਕ ਆਤੇ ਹੈ। ਯਹਾਂ ਜਿਤਨੇ ਪੈਸੇ ਮਾਂਗ ਲੌ ਮਿਲ ਜਾਤੇ ਹੈ। ਯਹਾਂ ਏਕ ਵਾਰ ਅਮਿਤਾਭ ਬਚਨ ਰੁਕਿਆ ਸੀ ਏਸੇ ਕਮਰੇ ਵਿੱਚ ਉਸ ਦਾ ਜੂਤਾ ਮੈਨੇ ਪਾਲਿਸ਼ ਕੀਆ ਥਾ ਉਸਨੇ ਮੇਰੇ ਕੋ ਪਾਂਚ ਸੌ ਕਾ ਨੋਟ ਦੀਆ। ਯੇਹ ਦੇਖੋ ਵੋਹ ਨੋਟ। ਇਸ ਪਰ ਉਸ ਕੇ ਦਸਖਤ ਹੈ ਯੇਹ ਨੋਟ ਮੈਨੇ ਫਰੇਮ ਕਰਾਕੇ ਰਖਿਆ ਹੋਇਆ ਹੈ।”
ਉਸ ਨੇ ਉਹ ਲੈਮੀਨੇਟ ਕੀਤਾ ਹੋਇਆ ਨੋਟ ਵੀ ਦਿਖਾਇਆ। ਉਸ ਨੇ ਉਹ ਫੋਟੋ ਵੀ ਦਿਖਾਈ ਜਿਥੇ ਉਹ ਅਮਿਤਾਭ ਬਚਨ ਦੀ ਜੁੱਤੀ ਪਾਲਸ਼ ਕਰ ਰਿਹਾ ਹੈ।
ਇਕ ਦਿਨ ਬਾਅਦ ਵਿੱਚ ਮੈਂ ਰਾਏਪੁਰ ਗਿਆ ਹੋਟਲ ਗਿਰੀ ਰਾਜ ਵਿੱਚ ਰੁਕਿਆ ਮੋਚੀ ਦਾ ਮੁੰਡਾ ਫਿਰ ਸਵੇਰੇ ਸਵੇਰੇ ਉਥੇ ਵੀ ਆਇਆ। ਉਮਰ ਉਹੀ ਸਤਾਰਾਂ ਕੁ ਦੀ ਹੋਵੇਗੀ। ਕਮਰੇ ਦਾ ਬੂਹਾ ਖੜਕਿਆਂ ਤਾਂ ਖੋਹਲਿਆ ਫਿਰ ਵੋਹੀ ਸਵਾਲ-ਸਾਹਿਬ ਜੂਤਾ ਪਾਲਿਸ਼ ।
“ਕਿਤਨੇ ਪੈਸੇ” ਮੈਂ ਪੁੱਛਿਆ।
“ਫਰੀ ਹੈ ਸਾਹਿਬ। ਯਹਾਂ ਜੂਤੇ ਹੋਟਲ ਕੀ ਤਰਫ ਸੇ ਮੁਫਤ ਪਾਲਸ਼ ਕੀਏ ਜਾਤੇ ਹੈ। ਕੋਈ ਪੈਸਾ ਨਹੀਂ ਲੇਤੇ।”
ਮੈਂ ਹੈਰਾਨ ਹੋ ਗਿਆ ਇਹ ਹੋਟਲ ਵਾਲੇ ਮੁਫਤ ਕਿਉਂ ਜੁੱਤੀਆਂ ਪਾਲਸ਼ ਕਰਨ ਲਗ ਪਏ। “ਠੀਕ ਹੈ ਤੂੰ ਜੁੱਤੀ ਪਾਲਸ਼ ਕਰ।”
ਮੈਂ ਪਾਲਸ਼ ਕਰਨ ਵਾਸਤੇ ਜੁੱਤੀ ਦੇ ਦਿੱਤੀ । ਮੈਨੂੰ ਮੈਂ ਤੇ ਮੇਰਾ ਬਾਪ ਫਿਰ ਇਕ ਵਾਰ ਯਾਦ ਆਏ। ਉਹ ਮੋਚੀ ਦਾ ਮੁੰਡਾ ਫਿਰ ਯਾਦ ਆਇਆ ਜਿਸ ਨੂੰ ਪਿੰਡ ਛੱਡ ਆਇਆ ਸੀ। ਪਰ ਉਹ ਤਾਂ ਭੋਪਾਲ ਇੰਦੌਰ ਰਾਏਪੁਰ ਮੇਰੇ ਪਿੱਛੇ ਪਿੱਛੇ ਘੁੰਮ ਰਿਹਾ ਹੈ। ਉਹ ਮੁੰਡਾ ਮੇਰੀ ਜੁੱਤੀ ਵਾਪਸ ਲੈ ਕੇ ਆ ਗਿਆ। ਮੈਂ ਸੋਚਿਆ ਇਹ ਜੁੱਤੀ ਜੇਕਰ ਬਜ਼ਾਰ ਕਿਸੇ ਤੋਂ ਪਾਲਸ਼ ਕਰਵਾਉਂਦਾ ਤੇ ਚਾਰ-ਪੰਜ ਰੁਪੈ ਦੇਣੇ ਪੈਣੇ ਸੀ ਕਿਉ ਨਾ ਇਸ ਮੁੰਡੇ ਨੂੰ ਪੰਜ ਰੂਪੈ ਦੇ ਦਿੱਤੇ ਜਾਣ। ਇਹ ਵੀ ਪਹਿਲੀ ਵਾਰ ਸੀ ਕਿ ਕਿਸੇ ਹੋਟਲ ਵਿੱਚ ਜੁੱਤੀਆਂ ਮੁਫ਼ਤ ਪਾਲਸ਼ ਕੀਤੀਆਂ ਜਾਂਦੀਆਂ ਹਨ।
ਮੈਂ ਉਸ ਲੜਕੇ ਨੂੰ ਪੰਜ ਰੁਪੈ ਦਿੱਤੇ ਉਸ ਦੇ ਚੇਹਰੇ ਤੇ ਮੁਸਕਾਨ ਆ ਗਈ। ‘ਨਮਸਤੇ ਸਾਹਿਬ’ ਉਸ ਪੰਜ ਦਾ ਨੋਟ ਮੱਥੇ ਤੇ ਲਾਉਂਦੇ ਹੋਏ ਕਿਹਾ ਜਿਵੇਂ ਉਸ ਸ਼ੁਕਰੀਆਂ ਕੀਤਾ ਹੋਵੇ। ਉਹ ਜਾ ਨਹੀਂ ਸੀ ਰਿਹਾ।
“ਸਾਹਿਬ ਆਪ ਕਹਾਂ ਸੇ ਆਏ”
“ਮੈਂ ਜਲੰਧਰ ਸੇ ਆਇਆ ਹੂੰ”
“ਇਸੀ ਲੀਏ ਸਾਹਿਬ ਇਧਰ ਕਾ ਆਦਮੀ ਤੋਂ ਬਹੁਤ ਕੰਜੂਸ ਹੈ। ਇਸ ਤਰਾਂ ਸੇ ਕੋਈ ਪੈਸਾ ਨਹੀਂ ਦੇਤਾ ਜਿਸ ਤਰ੍ਹਾਂ ਸੇ ਆਪਨੇ ਦੀਆ…”
“ਯੇਹ ਬਤਾਓ ਆਪ ਜੂਤੇ ਪਾਲਸ਼ ਕਰਨੇ ਕਾ ਕਾਮ ਕਬ ਸੇ ਕਰ ਰਹੇ ਹੋ”
“ਜਬ ਸੇ ਪੈਦਾ ਹੂਏ ਸਾਹਿਬ ਬਚਪਨ ਸੇ ਹੀ। ਮੇਰਾ ਬਾਪ ਵੀ ਯੇਹ ਹੀ ਕਾਮ ਕਰਤਾ ਹੈ ਏਕ ਭਾਈ ਵੀ। ਮੈਂ ਪਹਿਲੇ ਇਧਰ ਆਤਾ ਥਾ। ਚਾਰ ਪੈਸੇ ਬਣ ਜਾਤੇ ਥੇ । ਕਈ ਸਾਹਿਬ ਲੋਕ ਬਖਸ਼ਿਸ਼ ਵੀ ਦੇਤੇ । ਅਬ ਹੋਟਲ ਵਾਲੋਂ ਨੇ ਫਰੀ ਪਾਲਸ਼ ਕਰਨਾ ਚਾਲੂ ਕੀਆ। ਯੇਹ ਬਾਣੀਓ ਕਾ ਹੋਟਲ ਹੈ ਫਿਰ ਵੀ। ਬੜੇ ਸ਼ੈਤਾਨ ਹੈ ਇਸ ਹੋਟਲ ਮੇਂ ਪਾਲਿਸ਼ ਕਰਨੇ ਕੇ ਪੈਸੇ ਰੂਮ ਰੈਂਟ ਮੇਂ ਡਾਲ ਕਰ ਲੂਟਤੇ ਹੈ ਕਹਿਨੇ ਕੋ ਫਰੀ ਪਾਲਿਸ਼ ।”
ਬੋਲਦਾ ਬੋਲਦਾ ਉਹ ਰੁਕ ਗਿਆ,
“ਹਾਂ ਬਤਾਓ -ਬਤਾਓ-ਸ਼ਰਮਾਓ ਮਤ-ਹਮ ਵੀ ਮੋਚੀ ਹੈਂ ਮੇਰਾ ਬਾਪ ਵੀ ਮੋਚੀ ਥਾ……।” ਮੈਂ ਦੱਸਿਆ
“ਅਰੇ ਸਾਹਿਬ ਕਿਉਂ ਮਜ਼ਾਕ ਕਰ ਰਹੇ ਹੋ ਆਪ ਤੋਂ ਬੜੇ ਲੋਗ ਹੈ ।”
“ਨਹੀਂ ਬੇਟਾ ਹਮ ਵੀ ਮੋਚੀ ਹੈ। ਲੇਕਿਨ ਪੜ੍ਹ ਗਏ ਯੇਹ ਧੰਦਾ ਛੂਟ ਗਿਆ ਔਰ ਨੌਕਰੀ ਪੇ ਆ ਗਏ ਆਪ ਵੀ ਪੜ੍ਹੋ ਤੋਂ”
“ਬਾਤ ਠੀਕ ਹੈ ਆਪਕੀ ਲੇਕਿਨ ਸਾਹਬ ਕਿਸਮਤ ਵੀ ਰਹਿਤੀ ਹੈ। ਚਲਤਾ ਹੂੰ ਸਾਹਿਬ ਲੇਕਿਨ ਹਮੇਂ ਤੋਂ ਲਗ ਰਿਹਾ ਹੈ ਕਿ ਜੈਸੇ ਬਾਰਬਰ ਕਾ ਧੰਦਾ ਬਿਊਟੀ ਪਾਰਲਰ ਕੇ ਨਾਮ ਸੇ ਉਨ ਸੇ ਛੂਟ ਗਿਆ ਯੇਹ ਧੰਦਾ ਵੀ ਯੇ ਬਾਣੀਆਂ ਲੋਗ ਹਮ ਸੇ ਛੀਨ ਲੇਂਗੇ ਅਬ ਬਚਾ ਹੀ ਕਿਆ ਹੈ ਚਮੜੇ ਕਾ ਕਾਰੋਬਾਰ ਵੀ ਲਾਲਾ ਲੋਕ ਖਾ ਗਏ ।” ਉਹ ਚਲਾ ਗਿਆ।
ਮੈਂ ਸੱਚ ਬੋਲ ਰਿਹਾ ਸੀ। ਉਹ ਲੜਕਾ ਯਕੀਨ ਨਹੀਂ ਸੀ ਕਰ ਰਿਹਾ ਮੈਂ ਜਿਵੇਂ ਆਪਣੇ ਬਾਪ ਨੂੰ ਕਹਿ ਰਿਹਾ ਹੋਵਾਂ ਦੇਖੋ ਮੈਂ ਕਿੰਨਾ ਬਹਾਦਰ ਹੋ ਗਿਆ ਹਾਂ ਹੁਣ ਮੈਂ ਪੜ੍ਹ ਲਿਖਕੇ ਨਹੀਂ ਡਰ ਰਿਹਾ। ਮੈਨੂੰ ਫ਼ਖਰ ਹੈ ਕਿ ਮੈਂ ਇੱਕ ਮੋਚੀ ਦਾ ਪੁੱਤਰ ਹਾਂ ਪਰ ਬਾਪੂ ਤਾਂ ਵਾਰ ਵਾਰ ਕਿਧਰੋਂ ਆਖ ਰਿਹਾ ਹੈ ਕਿ
“ਸਾਲਿਓ ਤੁਸੀਂ ਪੜ੍ਹ ਲਿਖਕੇ ਡਰੀ ਜਾ ਰਹੇ ਹੋ ਮੈਂ ਅਨਪੜ੍ਹ ਹੋ ਕੇ ਨਹੀਂ ਡਰ ਰਿਹਾ।”
ਉਸੀ ਦਿਨ ਮੈਂ ਗੱਡੀ ਵਿੱਚ ਵਾਪਸ ਪਰਤ ਰਿਹਾ ਸੀ। ਮੋਚੀ ਦਾ ਮੁੰਡਾ ਗੱਡੀ ਵਿੱਚ ਫਿਰ ਮਿਲ ਗਿਆ। ਉਸ ਦੀ ਉਮਰ ਵੀ ਸੋਲਾਂ ਸਤਾਰਾਂ ਸਾਲ ਹੋਵੇਗੀ। ਫਿਰ ਡੱਬੇ ਵਿੱਚ ਆ ਵੜਿਆ। ਏ. ਸੀ. ਸੈਕੰਡ ਕਲਾਸ ਡੱਬਾ ਸੀ ਸਭ ਚਮਕ ਦਮਕ ਵਾਲੇ ਲੋਕ ਬੈਠੇ ਸਨ। ਇਕ ਚਮਕ ਦਮਕ ਵਾਲੇ ਬਾਬੂ ਨੇ ਜੁੱਤੀ ਪਾਲਸ਼ ਕਰਾਈ ਉਸ ਮੁੰਡੇ ਨੇ ਜੁੱਤੀ ਪਾਲਸ਼ ਕੀਤੀ। ਜੁੱਤੀ ਪਾਲਸ਼ ਕਰਾਉਣ ਵਾਲੇ ਪੁੱਛਿਆ
“ਕਿੰਨੇ ਪੈਸੇ ।”
“ਦੋ ਰੁਪਏ” ਅੱਗੋਂ ਜਵਾਬ ਆਇਆ
“ਕਾਹੇ ਕੋ ਦੋ ਰੁਪਏ ਯੇਹ ਪਕੜੋ ਏਕ ਰੁਪਈਆ।” ਲੜਕਾ ਦੋ ਰੁਪੈ ਮੰਗ ਰਿਹਾ ਸੀ ਤੇ ਦੇਣ ਵਾਲਾ ਇਕ ਰੁਪਈਆ ਦੇ ਰਿਹਾ ਸੀ
ਝਗੜਾ ਹੋ ਰਿਹਾ ਸੀ। ਲੜਕਾ ਜਾ ਨਹੀਂ ਸੀ ਰਿਹਾ।
“ਸਾਲੇ ਆਪਣੀ ਔਕਾਤ ਤਾਂ ਦੇਖੋ ਤੁਮ ਦੋ ਰੁਪਏ ਮਾਂਗ ਰਹੇ ਹੋ।” ਉਹ ਬਾਬੂ ਜ਼ੋਰ ਸੇ ਬੋਲਿਆ
“ਤੁਮਾਰੀ ਔਕਾਤ ਕਿਆ ਹੈ ਜੋ ਦੋ ਰੁਪਏ ਨਹੀਂ ਦੇ ਸਕਦੇ ਮੇਰੀ ਔਕਾਤ ਤੋਂ ਫਿਰ ਠੀਕ ਹੈ ਮਿਹਨਤ ਕੇ ਪੈਸੇ ਮਾਂਗ ਰਹਾ ਹੂੰ ।” ਮੋਚੀ ਦਾ ਮੁੰਡਾ ਬੋਲਿਆ।
“ਦੋ ਰੁਪੈ ਨਿਕਾਲੋ ਨਹੀਂ ਤਾਂ. .।” ਉਸ ਨੇ ਹੱਥ ਵਿੱਚ ਲੋਹੇ ਦੀ ਇਕ ਚਮੜਾ ਕੱਟਣ ਵਾਲੀ ਛੁਰੀ ਸਿੱਧੀ ਕਰ ਲਈ ਉਸ ਦੀਆਂ ਅੱਖਾਂ ਰੋਹ ਨਾਲ ਲਾਲ ਹੋ ਗਈਆਂ ਸਨ।…… ਉਹ ਬਾਬੂ ਕੱਚਾ ਜਿਹਾ ਹੋ ਗਿਆ ਜੇਬ ਵਿਚੋਂ ਹੱਥ ਮਾਰਕੇ ਮਰਦੇ ਕੁਰਲਾਂਦੇ ਇਕ ਰੁਪੈ ਦਾ ਹੋਰ ਸਿੱਕਾ ਕੱਢਕੇ ਫੜਾਉਂਦਿਆਂ ਘੂਰੀ ਜਿਹੀ ਵੱਟੀ….। ਉਸ ਮੋਚੀ ਦੇ ਮੁੰਡੇ ਨੇ ਦੋ ਰੁਪੈ ਫੜੇ ਤੇ ਹੱਥ ਵਿੱਚ ਫੜੀ ਛੁਰੀ ਨੂੰ ਪਿੱਛੇ ਕਰਦਾ ਹੋਇਆ ਜਿੱਤ ਦਾ ਅਹਿਸਾਸ ਮਹਿਸੂਸ ਕਰਦਾ ਛਾਤੀ ਚੌੜੀ ਕਰਕੇ ਅੱਗੇ ਨੂੰ ਚਲ ਪਿਆ।
ਲੇਖਕ: ਮੋਹਨ ਲਾਲ ਫਿਲ਼ੌਰੀਆ