ਰੋਜ਼ ਸੋਚਦਾ ਆਂ, ਮੈਂ ਰੋਜ਼ ਸੋਚਦਾ ਆਂ।
ਬਹਿ ਕੇ ਝੁੱਗੀ ‘ਚ ਰਾਤ ਨੂੰ, ਮੈਂ ਰੋਜ਼ ਸੋਚਦਾ ਆਂ।
ਹਲ ਵਾਹੁਣ ਵਾਲੇ ਕਾਮੇ, ਭੁਖੇ ਬੇਹਾਲ ਕਿਉਂ ਨੇ ?
ਕੱਪੜਾ ਬਣਾਵਣ ਵਾਲੇ, ਨੰਗੇ ਕੰਗਾਲ ਕਿਉਂ ਨੇ ?
ਕਣਕਾਂ, ਜੁਆਰਾਂ, ਛੋਲੇ, ਅੱਜ ਕੌਣ ਖਾ ਗਿਆ ਏ ?
ਲੱਖਾਂ ਮਿੱਲਾਂ ਦਾ ਕੱਪੜਾ, ਕਿਹੜਾ ਖੁਪਾ ਗਿਆ ਏ ?
ਹੱਥੀਂ ਬਣਾਏ ਜਿਹਨਾਂ, ਮੰਦਰ ਬਥੇਰਿਆਂ ਦੇ।
ਤੌੜੀ, ਕੁਨਾਲੀ, ਆਟਾ, ਭਿਜਦੇ ਪਥੇਰਿਆਂ ਦੇ ।
ਬਰਖਾ ‘ਚ ਚੋਂਦੀ ਛੱਪਰ, ਅਥਰੂ ਮੈਂ ਪੋਚਦਾ ਆਂ।
ਰੋਜ਼ ਸੋਚਦਾ ਆਂ, ਮੈਂ ਰੋਜ਼ ਸੋਚਦਾ ਆਂ।
ਬਹਿ ਕੇ ਝੁੱਗੀ ‘ਚ ਰਾਤ ਨੂੰ, ਮੈਂ ਰੋਜ਼ ਸੋਚਦਾ ਆਂ।
ਕੌਮਾਂ, ਰੰਗਾਂ, ਨਸਲਾਂ ਦੀਆਂ, ਹੱਦਾਂ ਬਣਾਈਆਂ ਕਿਉਂ ਏ ?
ਐਟਮ ਬੰਬਾਂ ਦੀ ਦਹਿਸ਼ਤ, ਝਗੜੇ ਲੜਾਈਆਂ ਕਿਉਂ ਏ ?
ਨਿਤ ਘਟ ਰਹੀ ਏ ਉਜਰਤ, ਵਿਹਾਰ ਵਧਦੇ ਜਾ ਰਹੇ।
ਰੁਜ਼ਗਾਰ ਘਟਦੇ ਜਾ ਰਹੇ, ਬੇਕਾਰ ਵਧਦੇ ਜਾ ਰਹੇ।
ਇਨਸਾਫ ਮੰਗਣਾ ਜੁਰਮ ਏਥੇ, ਅਮਨ ਚਾਹੁਣਾ ਸ਼ੋਰ ਹੈ।
ਰੋਟੀ ਦਾ ਮੰਗਣਾ ਪਾਪ ਹੈ, ਸੱਚ ਕਹਿਣ ਵਾਲਾ ਚੋਰ ਹੈ।
ਆਜ਼ਾਦੀ ਨੂੰ ਨਹੀਂ, ਅਸੂਲ ਦੀ, ਗੁਲਾਮੀ ਨੂੰ ਲੋਚਦਾ ਆਂ।
ਰੋਜ਼ ਸੋਚਦਾ ਆਂ, ਮੈਂ ਰੋਜ਼ ਸੋਚਦਾ ਆਂ।
ਬਹਿ ਕੇ ਝੁੱਗੀ ‘ਚ ਰਾਤ ਨੂੰ, ਮੈਂ ਰੋਜ਼ ਸੋਚਦਾ ਆਂ।
ਕਦ ਤੀਕ ਆਪ-ਹੁਦਰੀਆਂ, ਜ਼ਰਦਾਰ ਕਰਦਾ ਰਹੇਗਾ ?
ਕਦ ਤੀਕ ਮਾਲਕ ਜਗਤ ਦਾ, ਭੁੱਖ ਨਾਲ ਮਰਦਾ ਰਹੇਗਾ ?
ਜਿਉਂ-ਜਿਉਂ ਇਹਨੂੰ ਸੁਲਝਾਂਵਦੇ, ਸਗੋਂ ਹੋ ਰਿਹਾ ਡਾਢਾ ਮੁਹਾਲ।
ਹੱਲ ਕਿਹੜਾ ਕਰੇਗਾ, ਰੋਟੀ ਤੇ ਕਪੜੇ ਦਾ ਸੁਆਲ ?
ਕੀ ਵਕਤ ਦੇ ਆਗੂ ਦੀ ਕਹਿਣੀ, ਠੀਕ ਕਰਨੀ ਪਵੇਗੀ?
ਤੇ ਜਾਂ ਕਿਸੇ ਹੁਣ ਹੋਰ ਦੀ, ਉਡੀਕ ਕਰਨੀ ਪਵੇਗੀ?
ਇਹਨਾਂ ਵਹਿਣਾ ‘ਚ ‘ਆਲਮ’, ਧਰਤੀ ਖਰੋਚਦਾ ਆਂ।
ਰੋਜ਼ ਸੋਚਦਾ ਆਂ, ਮੈਂ ਰੋਜ਼ ਸੋਚਦਾ ਆਂ।
ਬਹਿ ਕੇ ਝੁੱਗੀ ‘ਚ ਰਾਤ ਨੂੰ, ਮੈਂ ਰੋਜ਼ ਸੋਚਦਾ ਆਂ।
ਲੋਕ ਕਵੀ ‘ਗੁਰਦਾਸ ਰਾਮ ਆਲਮ’