jagriti.net

[gtranslate]

ਮਾਨਸ ਕੀ ਜਾਤ

ਮਾਨਸ ਕੀ ਜਾਤ” (ਕਹਾਣੀ)

ਉਸ ਨੇ ਆਪਣਾ ਸਿਰ ਜ਼ੋਰ ਦੀ ਝੰਜੋੜਿਆ।

ਦੰਦ ਕਰੀਚੇ

ਇੱਕ ਵਾਰ ਨਹੀਂ ਕਈ ਵਾਰ ਸਿਰ ਝੰਜੋੜਿਆ। ਜਿਵੇਂ ਲੰਬੀ ਨੀਂਦ ਤੋਂ ਉਠਿਆ ਹੋਵੇ। ਅੱਖਾਂ ਵੀ ਮਲੀਆਂ। ਪਿੱਛੇ ਦੇਖਿਆ ਕੋਈ ਨਹੀਂ ਸੀ। ਅੱਗੇ ਵੀ ਕੋਈ ਨਹੀਂ ਸੀ। ਸੱਜੇ ਖੱਬੇ ਤਾਂ ਖੇਤ ਸਨ ਜਾਂ ਖੇਤ ਮਜ਼ਦੂਰ ਸਨ। ਦੂਰ ਕਿਧਰੇ ਕੋਈ ਵਿਰਲਾ ਨਜ਼ਰੀਂ ਆਉਂਦਾ ਸੀ। ਉਹ ਸੋਚਣ ਲੱਗ ਪਿਆ।

ਪਿੰਡੋਂ ਬਾਹਰ ਬਾਬਿਆਂ ਦੀ ਜਗ੍ਹਾ ਸੀ ਜਿਥੇ ਪਿੰਡ ਵਾਲੇ ਹਰ ਸਾਲ ਮਿਲਕੇ ਅੰਨ-ਪਾਣੀ ਲਾਉਂਦੇ ਸਨ । ਸਾਲਾਨਾ ਭੰਡਾਰਾ ਪਿੰਡ ਵਾਸੀਆਂ ਲਈ ਸੁੱਖ ਮੰਗਦੇ। ਪਿੰਡ ਦੇ ਹਰ ਜੀਅ ਵਾਸਤੇ ਸੁੱਖ। ਮਾਲ ਪਸ਼ੂ ਵਾਸਤੇ ਸੁੱਖ। ਬਾਬਿਆਂ ਦੀ ਜਗ੍ਹਾ ਦਾ ਹਰ ਪਿੰਡ ਵਾਸੀ ਸਤਿਕਾਰ ਕਰਦਾ। ਸਾਲਾਨਾ ਭੰਡਾਰਾ ਏਨਾ ਨਹੀਂ ਸੀ ਭਰਦਾ ਹੁੰਦਾ ਪਰ ਹੁਣ ਜਿਵੇਂ ਜਿਵੇਂ ਲੋਕ ਖੁਸ਼ਹਾਲ ਹੋ ਗਏ ਸਨ ਇਹ ਪਰਵ ਮੇਲੇ ਦੀ ਸ਼ਕਲ ਅਖਤਿਆਰ ਕਰ ਗਿਆ ਸੀ । ਹੁਣ ਇੱਕ ਨਹੀਂ ਕਈ ਕਈ ਪਾਠਾਂ ਦੇ ਭੋਗ ਪੁਆਏ ਜਾਂਦੇ, ਉਪਰੰਤ ਕੀਰਤਨ ਹੁੰਦਾ।

ਰਾਮ ਸਰਨ ਦਾ ਵੀ ਜੀਅ ਕੀਤਾ ਉਹ ਸਬੱਬੀ ਆਪਣੇ ਪਿੰਡ ਆਇਆ ਹੋਇਆ ਹੈ ਕਿਉਂ ਨਾ ਬਾਬਿਆਂ ਦੀ ਜਗ੍ਹਾ ‘ਤੇ ਮੱਥਾ ਟੇਕ ਆਵੇ। ਉਹ ਮੱਥਾ ਟੇਕਣ ਚਲਾ ਗਿਆ ਸੀ। ਕੀਰਤਨ ਚੱਲ ਰਿਹਾ ਸੀ। ਭਾਈ ਜੀ ਸ਼ਬਦ ਪੜ੍ਹ ਰਹੇ ਸਨ।

‘ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋ।’

ਉਸ ਨੂੰ ਬੜਾ ਆਨੰਦ ਆਇਆ। ਦੂਰ ਤੋਂ ਹੀ ਇਹ ਸ਼ਬਦ ਉਸ ਦੇ ਕੰਨੀਂ ਪਏ। ਨਿੱਕੇ ਹੁੰਦਿਆਂ ਇਧਰਲੇ ਪਾਸੇ ਤੋਂ ਬੜਾ ਡਰ ਆਉਂਦਾ ਹੁੰਦਾ ਸੀ। ਪਰ ਹੁਣ ਜਦ ਤੋਂ ਬਿਜਲੀ ਆਈ ਹੈ ਜਿਵੇਂ ਅਗਿਆਨਤਾ ਦੂਰ ਹੀ ਚਲੀ ਗਈ ਹੋਵੇ। ਹਨੇਰਾ ਦੂਰ ਹੋਇਆ। ਵਾਧੂ ਝਾੜੀਆਂ ਵੱਢ ਦਿੱਤੀਆਂ ਸਨ। ਰਾਤ ਨੂੰ ਟਿਊਬ ਲਾਈਟਾਂ ਚਾਨਣ ਖਿਲਾਰਦੀਆਂ ਡਰ-ਭੈਅ ਦੂਰ । ਹੁਣ ਤਾਂ ਸਾਲਾਨਾ ਭੰਡਾਰੇ ‘ਤੇ ਖੇਡਾਂ ਕੀਰਤਨ ਤੇ ਪਤਾ ਨਹੀਂ ਦੂਰੋਂ ਦੂਰੋਂ ਸੰਗਤ ਆਉਂਦੀ ਵਾਧੂ ਰੌਣਕਾਂ ਹੁੰਦੀਆਂ।

ਪ੍ਰਬੰਧਕਾਂ ਨੂੰ ਪ੍ਰਬੰਧ ਵਾਸਤੇ ਮੰਗਣ ਘੱਟ ਹੀ ਜਾਣਾ ਪੈਂਦਾ। ਲੋਕ ਆਟਾ, ਦਾਲਾਂ, ਖੰਡ, ਦੁੱਧ ਤੇ ਨਕਦੀ ਆਪ ਹੀ ਆ ਕੇ ਦੇ ਜਾਂਦੇ।

ਭਾਵੇਂ ਕੀਰਤਨ ਦੀ ਆਵਾਜ਼ ਆ ਰਹੀ ਸੀ ਤਾਂ ਵੀ ਪ੍ਰਬੰਧਕਾਂ ਵਲੋਂ ਕੋਈ ਸੇਵਕ ਆ ਕੇ ਸਪੀਕਰ ਦਾ ਮਾਈਕ ਫੜਦਾ ਤੇ ਅਨਾਊਂਸਮੈਂਟ ਸ਼ੁਰੂ ਕਰ ਦਿੰਦਾ,

“ਜਿਸ ਮਾਈ ਭਾਈ ਨੇ ਲੰਗਰ ਲਈ ਦਾਨ ਕਰਨਾ ਹੋਵੇ ਉਹ ਮਾਇਆ ਦਾਨ ਕਰ ਕੇ ਪਰਚੀ ਸੈਕਟਰੀ ਸਾਹਿਬ ਪਾਸੋਂ ਲੈ ਕੇ ਜਾਣ। ਨਾਲੇ ਭਾਈ ਸਭ ਲੰਗਰ ਛਕ ਕੇ ਜਾਣ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ।”

“ਲੰਗਰ ਬੇਅੰਤ ਹੈ। ਲੰਗਰ ਗੁਰੂ ਕੀ ਕਿਰਪਾ ਨਾਲ ਬਹੁਤ ਹੈ, ਲੰਗਰ ਖਾ ਕੇ ਜਾਓ”

ਸਪੀਕਰ ਵਾਲਾ ਅਨਾਊਂਸਮੈਂਟ ਕਰੀ ਜਾ ਰਿਹਾ ਸੀ।

ਉਹ ਹੋਰ ਬੋਲਿਆ।

“ਹੁਣ ਤੱਕ ਜਿਨ੍ਹਾਂ ਦਾਨੀਆਂ ਨੇ ਲੰਗਰ ਲਈ ਦਾਨ ਦਿੱਤਾ ਹੈ ਉਨ੍ਹਾਂ ਦੇ ਨਾਂ ਮੈਂ ਬੋਲਦਿਆਂ,

ਉਹ ਇਸ ਤਰ੍ਹਾਂ ਹਨ ਕਿ

“ਹਜ਼ਾਰਾ ਸਿੰਘ ਗਿੱਲ ਪੰਜ ਸੌ ਇੱਕ, ਪਿਆਰਾ ਸਿੰਘ ਸੰਧੂ ਪੰਜ ਸੌ ਇਕ, ਬਖਸ਼ੀਸ਼ ਸਿੰਘ ਢਿੱਲੋਂ ਪੰਜ ਸੌ ਇੱਕ। ਹੋਰ ਜਿਨ੍ਹਾਂ ਨੇ ਪੰਜ ਸੌ ਇੱਕ ਦਿੱਤੇ ਹਨ ਉਹ ਹਨ ਪਿਆਰਾ ਸਿੰਘ ਸਿੱਧੂ,ਸੋਹਣ ਸਿੰਘ ਸਿੱਧੂ, ਕਰਤਾਰ ਸਿੰਘ ਪੰਨੂੰ, ਸੇਵਾ ਸਿੰਘ ਸੇਖੋਂ ਅਤੇ ਪ੍ਰਤਾਪ ਸਿੰਘ ਕੈਨੇਡੀਅਨ। ਮੱਖਣ ਸਿੰਘ ਇੰਗਲੈਂਡ ਵਾਲੇ।”

ਰਾਮ ਸਰਨ ਹੁਣ ਮੱਥਾ ਟੇਕ ਕੇ ਅਨਾਊਂਸਮੈਂਟ ਕਰਨ ਵਾਲੇ ਦੇ ਨੇੜੇ ਹੀ ਪੁੱਜ ਗਿਆ ਸੀ। ਦੋਵਾਂ ਨੇ ਇੱਕ ਦੂਜੇ ਵੱਲ ਤੱਕਿਆ। ਉਸ ਦਾ ਵੀ ਜੀਅ ਕੀਤਾ ਕਿ ਲੰਗਰ ਵਾਸਤੇ ਉਹ ਵੀ ਕੁਝ ਦੇ ਦੇਵੇ ਕਿਉਂਕਿ ਇਹ ਧਾਰਮਿਕ ਜਗ੍ਹਾ ਹੈ। ਉਸ ਨੇ ਜੇਬ ਵਿਚੋਂ ਪਰਸ ਕੱਢਿਆ ਤੇ ਪੰਜਾਹ ਦਾ ਨੋਟ ਰਸੀਦ ਕੱਟਣ ਵਾਲੇ ਨੂੰ ਸੌਂਪਿਆ। ਰਸੀਦ ਕੱਟਣ ਵਾਲੇ ਨੇ ਤੁਰੰਤ ਰਸੀਦ ਕੱਟੀ ਤੇ ਉਸ ਨੂੰ ਫੜਾ ਦਿੱਤੀ। ਰਾਮ ਸਰਨ ਪੁੱਤਰ ਸਾਧੂ ਚਮਾਰ। ਰਾਮ ਸਰਨ ਨੇ ਰਸੀਦ ਵੱਲ ਦੇਖ ਕੇ ਰਸੀਦ ਨੂੰ ਘੂਰਿਆ। ਪਰ ਰਸੀਦ ਉਸ ਨੇ ਜੇਬ ਵਿੱਚ ਪਾ ਲਈ। ਉਹ ਇਧਰ ਉਧਰ ਬੈਠਣ ਦੀ ਕੋਸ਼ਿਸ਼ ਵਿੱਚ ਹੀ ਸੀ ਕਿ ਇੱਕ ਸੇਵਾਦਾਰ ਆਇਆ “ਭਾਈ ਸਾਹਿਬ ਲੰਗਰ ਛੱਕੋ ਬੈਠੋ।”ਤਾਂ ਰਾਮਸਰਨ ਸੋਚ ਹੀ ਰਿਹਾ ਸੀ ਕਿ ਗੁਰੂ ਘਰ ਦਾ ਲੰਗਰ ਹੈ ਛਕ ਲੈਣਾ ਚਾਹੀਦਾ ਹੈ। ਉਹ ਸਾਹਮਣੇ ਲੱਗੀ ਪੰਗਤ ਵਿੱਚ ਬੈਠਣ ਲਈ ਜਾ ਰਿਹਾ ਸੀ। ਉਸੇ ਸੇਵਾਦਾਰ ਨੇ ਫਿਰ ਉਸ ਨੂੰ ਰੋਕਿਆ,”ਭਾਈ ਸਾਹਿਬ ਔਧਰ ਨਹੀਂ ਏਧਰ। ਇਹ ਤੁਹਾਡੀ ਬਰਾਦਰੀ ਵਾਲਿਆਂ ਚਮਾਰਾਂ ਦੀ ਲਾਈਨ ਹੈ, ਔਹ ਜ਼ਿੰਮੀਂਦਾਰਾਂ ਦੀ ਹੈ।”

ਰਾਮਸਰਨ ਠਿਠ ਜਿਹਾ ਹੋ ਗਿਆ।

ਉਹ ਕਈ ਵਰ੍ਹਿਆਂ ਬਾਅਦ ਪਿੰਡ ਆਇਆ ਸੀ। ਉਸ ਨੂੰ ਉਮੀਦ ਸੀ ਕਿ ਕਾਫ਼ੀ ਕੁਝ ਬਦਲ ਗਿਆ ਹੋਵੇਗਾ ਪਰ ਨਹੀਂ। ਬਾਬਿਆਂ ਦੇ ਡੇਰੇ ਨੂੰ ਪਵਿੱਤਰ ਸਥਾਨ ਮੰਨ ਕੇ ਉਹ ਆਪਣੀ ਬਰਾਦਰੀ ਵਾਲਿਆਂ ਦੀ ਲਾਈਨ ਵਿੱਚ ਬੈਠ ਗਿਆ। ਕੋਈ ਨੰਗੇ ਪਿੰਡੇ ਸੀ। ਕਿਸੇ ਦੇ ਨੌਂਹ ਵਧੇ ਹੋਏ ਤੇ ਮੈਲ ਨਾਲ ਭਰੇ ਹੋਏ ਸਨ । ਗੰਦੇ ਮੰਦੇ ਉਹ ਜਿਵੇਂ ਬਹੁਤ ਦਿਨਾਂ ਤੋਂ ਨਹਾਤੇ ਵੀ ਨਾ ਹੋਣ। ਉਹ ਲੰਗਰ ਛਕਣ ਲਈ ਬਰਤਨ ਵੀ ਆਪਣੇ ਘਰਾਂ ਤੋਂ ਲੈ ਕੇ ਆਏ ਸੀ। ਰਾਮ ਸਰਨ ਬੈਠਾ ਉਡੀਕ ਕਰਨ ਲੱਗਾ ਕਿ ਉਹਨੂੰ ਕੋਈ ਬਰਤਨ ਥਾਲ ਜਾਂ ਕੋਈ ਹੋਰ ਭਾਂਡਾ ਕੋਈ ਦੇ ਕੇ ਜਾਵੇਗਾ। ਪਰ ਅਜਿਹਾ ਨਾ ਹੋਇਆ। ਲਾਈਨ ਵਿੱਚ ਬੈਠੇ ਲੋਕ ਉਹਦੀ ਬਰਾਦਰੀ ਦੇ ਭਾਵੇਂ ਗੰਦੇ ਸਨ ਪਰ ਉਸ ਨੂੰ ਪਲ ਕੁ ਲਈ ਆਪਣੇ ਲੱਗੇ। ਬਚਪਨ ਦੇ ਸਾਥੀ ਉਹ ਉਸ ਦੀ ਕਿਸਮਤ ਕਿ ਉਹ ਪੜ੍ਹ ਕੇ ਸਰਕਾਰੀ ਨੌਕਰੀ ਵਿੱਚ ਚੰਡੀਗੜ੍ਹ ਚਲਾ ਗਿਆ ਸੀ।

ਉਧਰ ਸਪੀਕਰ ਵਾਲਾ ਫਿਰ ਅਨਾਊਂਸਮੈਂਟ ਕਰਨ ਲੱਗ ਪਿਆ। “ਬੜੀ ਖੁਸ਼ੀ ਦੀ ਗੱਲ ਹੈ ਕਿ ਸਾਧੂ ਚਮਾਰ ਦਾ ਮੁੰਡਾ ਰਾਮਸਰਨ ਜਿਹੜਾ ਕਿ ਚੰਡੀਗੜ੍ਹ ਨੌਕਰੀ ਕਰਦਾ ਹੈ, ਉਹ ਵੀ ਪੰਜਾਹ ਰੁਪਏ ਲੰਗਰ ਵਾਸਤੇ ਦੇ ਗਿਆ। ਪਿੰਡ ਵਾਲੇ ਧੰਨਵਾਦੀ ਹਨ। ਉਨ੍ਹਾਂ ਦੇ ਮੁਹੱਲੇ ਵਿਚੋਂ ਜਿਹੜੀ ਹੋਰ ਮਾਇਆ ਆਈ ਹੈ ਉਹ ਇਸ ਤਰ੍ਹਾਂ ਹੈ ਵਿੰਗੇ ਦਾ ਧਰਮੂ ਪੰਜਾਹ ਰੁਪਏ, ਕੁੱਬੇ ਮਿਲਖੀ ਵਲੋਂ ਪੰਜਾਹ, ਡੁਬਈ ਵਾਲਾ ਮਜ਼ਬੀ ਹੀਰਾ ਪੰਜਾਹ, ਬਖਸ਼ੀ ਵਲੋਂ ਇੱਕੀ ਰੁਪਏ’

ਰਾਮ ਸਰਨ ਦਾ ਨਾਂ ਜਦੋਂ ਸਪੀਕਰ ‘ਤੇ ਅਨਾਊਂਸ ਹੋਇਆ ਤਾਂ ਉਸ ਨੂੰ ਪਸੀਨਾ ਜਿਹਾ ਆ ਗਿਆ। ਜਦੋਂ ਉਸ ਸੁਣਿਆ ਸਾਧੂ ਚਮਾਰ ਦਾ ਮੁੰਡਾ ਰਾਮ ਸਰਨ। ਕੀ ਇਹ ਦੱਸਣਾ ਜ਼ਰੂਰੀ ਸੀ। ਉਹਨਾਂ ਦੇ ਪਿੰਡ ਵਿਚ ਇਕੋ ਰਾਮ ਸਰਨ ਤੇ ਇਕੋ ਹੀ ਸਾਧੂ ਸੀ। ਉਹ ਆਪਣੇ ਪਿੰਡ ਬੜੀ ਦੇਰ ਬਾਅਦ ਆਇਆ ਸੀ। ਚੰਡੀਗੜ੍ਹ ਤਾਂ ਹੁਣ ਲੰਗਰ ਵੇਲੇ ਇਹ ਲਾਈਨਾਂ ਲੰਗਰ ਵਾਸਤੇ ਵੱਖਰੀਆਂ ਨਹੀਂ ਲਗਦੀਆਂ। ਉਥੇ ਵੀ ਗੁਰਦੁਆਰੇ ਹਨ। ਚੰਡੀਗੜ੍ਹ ਦੇ ਨਜ਼ਦੀਕ ਨਾਢਾ ਸਾਹਿਬ ਦੇ ਗੁਰਦੁਆਰੇ ਦੀ ਉਸ ਨੂੰ ਯਾਦ ਆਈ। ਲੰਗਰ ਕਿੰਨਾ ਸੁਆਦੀ ਤੇ ਇਕੋ ਪੰਗਤ । ਉਹ ਸੋਚ ਹੀ ਰਿਹਾ ਸੀ। ਫਿਰ ਉਸ ਨੂੰ ਚੰਡੀਗੜ੍ਹ ਦੀਆਂ ਦੂਸਰੀਆਂ ਲਾਈਨਾਂ ਦੀ ਯਾਦ ਆਈ ਉਥੇ ਪੜ੍ਹੇ ਲਿਖੇ ਲੋਕ ਹੋਰ ਲਾਈਨਾਂ ਲਾਉਂਦੇ ਹਨ। ਰੋਜ਼ ਸਤਾਰਾਂ ਸੈਕਟਰ ਲੰਚ ਵੇਲੇ ਨਾਹਰੇ ਮਾਰਦੇ ਹਨ, ‘ਰਿਜ਼ਰਵੇਸ਼ਨ ਬੰਦ ਕਰੋ। ਉਹ ਰਿਜ਼ਰਵੇਸ਼ਨ ਬੰਦ ਕਰਨ ਲਈ ਹੜਤਾਲਾਂ ਵੀ ਕਰਦੇ ਹਨ। ਹੋਰ ਤਾਂ ਹੋਰ ਉਚੀਆਂ ਜਾਤਾਂ ਵਾਲੇ ਕਿਵੇਂ ਦਫਤਰਾਂ ਵਿਚ ਉਨ੍ਹਾਂ ਦੀਆਂ ਗੁਪਤ ਰਿਪੋਰਟਾਂ ਮਾੜੀਆਂ ਲਿਖਦੇ ਹਨ। ਉਸੇ ਕਤਾਰਾਂ ਦਾ ਰੂਪ ਬਦਲ ਗਿਆ ਹੈ।

ਉਸ ਨੇ ਕਿਸੇ ਤਰ੍ਹਾਂ ਆਪਣੀ ਸੋਚ ਪਲਟੀ। ਉਸ ਦੀ ਬਰਾਦਰੀ ਦੇ ਲੋਕ ਸੱਜੇ ਖੱਬੇ ਲੰਗਰ ਛਕ ਰਹੇ ਸਨ। ਪਰ ਉਹ ਤਾਂ ਮੱਥਾ ਟੇਕਣ ਆਇਆ ਸੀ। ਉਸ ਨੂੰ ਉਮੀਦ ਸੀ ਕਿ ਬਰਤਨ ਵੀ ਉਸ ਨੂੰ ਉਥੋਂ ਹੀ ਮਿਲ ਜਾਣਗੇ। ਉਸ ਦਾ ਧਿਆਨ ਇੱਕ ਵਾਰ ਫਿਰ ਉਧਰ ਸਪੀਕਰ ਵੱਲ ਚਲਾ ਗਿਆ। ਜਿਥੇ ਲੋਕ ਪੈਸੇ ਦੇ ਕੇ ਰਸੀਦ ਲੈਂਦੇ ਸਨ। ਬੇਸ਼ੁਮਾਰ ਪੈਸੇ ਆ ਰਹੇ ਸਨ। ਪੈਸੇ ਨਹੀਂ ਨੋਟ ਆ ਰਹੇ ਸਨ। ਇੱਕ ਸੱਜਣ ਬੈਠਾ ਨੋਟ ਇਕੱਠੇ ਕਰ ਰਿਹਾ ਸੀ। ਉਸ ਸੌ ਸੌ ਦੇ ਨੋਟ ਅਲੱਗ ਕੀਤੇ ਤੇ ਪੰਜਾਹ ਦੇ ਅਲੱਗ। ਦਸ ਦੇ ਨੋਟ ਵੀ ਅਲੱਗ ਕਰ ਲਏ ਸਨ। ਰਾਮ ਸਰਨ ਸੋਚਣ ਲੱਗਾ ਕਿ ਨੋਟ ਤਾਂ ਕਿਧਰੋਂ ਵੀ ਆਇਆ ਹੋਵੇ ਉਸ ਢੇਰੀ ਵਿੱਚ ਸ਼ਾਮਲ ਹੋ ਜਾਂਦਾ ਹੈ । ਭਾਵ ਨੋਟ ਚਾਹੇ ਕਿਸੇ ਗਿੱਲ ਦਾ ਹੋਵੇ ਜਾਂ ਵਿੰਗੇ ਚਮਾਰ ਦਾ। ਨੋਟ ਤਾਂ ਇਕੱਠੇ ਹੋ ਰਹੇ ਹਨ। ਨੋਟਾਂ ਦੇ ਪੈਕਟ ਬਣ ਰਹੇ ਹਨ। ਕਿਧਰੋਂ ਵੀ ਆਇਆ ਨੋਟ ਪੈਕਟ ਵਿਚ ਸ਼ਾਮਲ ਹੋ ਜਾਂਦਾ ਹੈ-ਪਰ ਆਦਮੀ? ਪਰ ਰੋਟੀ ਖਾਣ ਲਈ ਫਿਰ ਜਾਤੀ ਭੇਦ ਭਾਵ ਕਿਉਂ? ਅਲੱਗ ਅਲੱਗ ਲਾਈਨਾਂ ਉਹ ਵੀ ਲੰਗਰ ਵਾਸਤੇ। ਕੀ ਨੋਟਾਂ ਦੀ ਕੋਈ ਜਾਤ ਨਹੀਂ? ਨਹੀਂ ਫਿਰ ਉਹ ਖੁਦ ਹੀ ਬੋਲਿਆ। ਜੇ ਨੋਟਾਂ ਦੀ ਜਾਤ ਨਹੀਂ ਹੈ ਤਾਂ ਫਿਰ ਮਾਨਸ ਕੀ ਜਾਤ ਕਿਵੇਂ ਹੋਈ? ਨੋਟ ਤਾਂ ਸੌ ਪੰਜਾਹ ਦਾ-ਪੰਜ ਸੌ ਦਾ ਤੇ ਹੁਣ ਹਜ਼ਾਰ ਦਾ ਨਵਾਂ ਨਿਕਲਿਆ। ਛੋਟੇ ਦਸ ਪੰਜ ਦੇ । ਪਰ ਮਾਨਸ ਕੀ ਜਾਤ. ਵਾਸਤੇ ਲਾਈਨਾਂ ਤੇ ਆਹ ਸਾਡੀ ਬਰਾਦਰੀ ਵਾਸਤੇ। .? ਔਹ ਜ਼ਿੰਮੀਂਦਾਰਾਂ

ਉਸ ਦੀ ਬਰਾਦਰੀ ਵਾਲੇ ਲੰਗਰ ਖਾਣ ਵਾਸਤੇ ਬਰਤਨ ਆਪਣੇ ਘਰਾਂ ਤੋਂ ਲੈ ਕੇ ਆਏ ਸਨ ਤੇ ਜ਼ਿੰਮੀਂਦਾਰਾਂ ਵਾਲੀ ਲਾਈਨ ਵਿੱਚ ਡੇਰੇ ਦੇ ਬਰਤਣ ਵਰਤਾਏ ਜਾ ਰਹੇ ਸਨ। ਰਾਮ ਸਰਨ ਸੋਚਣ ਲੱਗਾ। ਉਸ ਵਾਲਾ ਪੰਜਾਹ ਦਾ ਨੋਟ ਜਿਹੜਾ ਉਸ ਲੰਗਰ ਵਾਸਤੇ ਦਿੱਤਾ ਸੀ ਉਹ ਇਕ ਬੜੀ ਵੱਡੀ ਦੱਥੀ ਵਿੱਚ ਚਲਾ ਗਿਆ। ਸਮੇਂ ਬਾਰੇ ਉਹ ਸੋਚਣ ਲੱਗਾ। ਸੱਚਮੁੱਚ ਨੋਟਾਂ ਦੀ ਰੁਪਈਆਂ ਦੀ ਕੋਈ ਜਾਤ ਨਹੀਂ ਹੁੰਦੀ। ਇੱਕ ਜੇਬ ਵਿਚੋਂ ਦੂਸਰੀ ਜੇਬ ਵਿੱਚ ਤੇ ਫਿਰ ਤੀਸਰੀ ਜੇਬ ਵਿੱਚ। ਨੋਟ ਕਿੰਨੀ ਜਲਦੀ ਜੇਬਾਂ ਬਦਲਦਾ ਰਹਿੰਦਾ ਹੈ।

ਉਹ ਬੈਠਾ ਬੈਠਾ ਉਸ ਸੇਵਾਦਾਰ ਨੂੰ ਘੂਰਨ ਲੱਗਾ ਜਿਸ ਨੇ ਕਿਹਾ ਸੀ ਕਿ ਤੁਹਾਡੀ ਬਰਾਦਰੀ ਦੀ ਪੰਗਤ ਉਧਰ ਹੈ। ਦੂਸਰੀ ਪੰਗਤ ਵਾਲੇ ਤਾਂ ਲੰਗਰ ਛਕ ਕੇ ਉਠ ਵੀ ਖੜ੍ਹੇ ਸਨ। ਪਰ ਉਹ ਅਜੇ ਬਰਤਨ ਉਡੀਕ ਰਿਹਾ ਸੀ।

“ਫੁਲਕਾ ਜੀ-ਪਰਸ਼ਾਦਾ ਜੀ-ਦਾਲਾ ਜੀ-ਸਬਜ਼ੀ ਜੀ-ਜਲ ਵਾਹਿਗੁਰੂ” ਲੰਗਰ ਵਰਤਾਉਣ ਵਾਲੇ ਪੁੱਛ ਪੁੱਛ ਲੰਘਦੇ ਰਹੇ। ਰਾਮ ਸਰਨ ਦੇ ਮਨ ਵਿੱਚ ਆਇਆ ਵੀ ਕਿ ਉਹ ਹੱਥ ‘ਤੇ ਫੁਲਕਾ ਰੱਖ ਕੇ ਸਬਜ਼ੀ ਪੁਆ ਲੰਗਰ ਛਕ ਲਵੇ। ਪਰ ਉਸ ਨੇ ਅਜਿਹਾ ਨਾ ਕੀਤਾ। ਥੋੜ੍ਹੀ ਦੇਰ ਲਈ ਉਸ ਨੇ ਆਪਣੇ ਆਪ ਨੂੰ ਬਰਾਦਰੀ ਵਿਚ ਮਹਿਸੂਸ ਕੀਤਾ ਫਿਰ ਬਰਾਦਰੀ ਵਿਚੋਂ ਬਾਹਰ ਸਮਝਿਆ। ਬਰਾਦਰੀ ਵਾਲੇ ਵੀ ਲੰਗਰ ਖਾ ਕੇ ਉਠ ਚੁੱਕੇ ਸਨ। ਫਿਰ ਉਸ ਨੂੰ ਮਹਿਸੂਸ ਹੋਇਆ ਕਿ ਉਹ ਆਪਣੀ ਅਸਲੀ ਬਰਾਦਰੀ ਵਿਚੋਂ ਤਾਂ ਬਾਹਰ ਹੋ ਚੁੱਕਾ ਹੈ ਤੇ ਦੂਸਰੀ ਬਰਾਦਰੀ ਨੇ ਉਸ ਨੂੰ ਆਪਣੇ ਨਾਲ ਮਿਲਾਇਆ ਨਹੀਂ। ਉਸ ਨੂੰ ਬੈਠੇ ਬੈਠੇ ਨੂੰ ਚੰਡੀਗੜ੍ਹ ਫਿਰ ਯਾਦ ਆਇਆ। ਉਥੇ ਉਸ ਨੂੰ ਕਲੇਰ ਸਾਹਿਬ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਰਾਮ ਸਰਨ ਕਲੇਰ ਉਸ ਦਾ ਅਹੁਦਾ ਵੀ ਚੰਗਾ ਸਰਕਾਰੀ ਨੌਕਰੀ। ਇਹ ਨੇਮ ਪਲੇਟ ਉਸ ਦੇ ਘਰ ਵੀ ਲੱਗੀ ਹੈ ਤੇ ਦਫਤਰ ਵਿੱਚ ਵੀ।

ਲੰਗਰ ਛਕਣ ਲਈ ਥਾਲ ਜਾਂ ਹੋਰ ਬਰਤਨ ਉਸ ਨੂੰ ਕਿਸੇ ਨੇ ਨਹੀਂ ਦਿੱਤਾ, ਉਹ ਮੰਗਣ ਵੀ ਨਹੀਂ ਉਠਿਆ। ਉਸ ਸੋਚਿਆ ਜੇ ਕਿਸੇ ਨਾ ਦਿੱਤਾ ਤਾਂ ਬੇਇੱਜ਼ਤੀ ਹੋਵੇਗੀ।

“ਕੁਝ ਵੀ ਨਹੀਂ ਬਦਲਿਆ।” ਉਹ ਬੁੜਬੁੜਾਇਆ। ਉਸ ਨੂੰ ਮੁੜ ਖਿਆਲ ਆਇਆ ਕਿ ਲੰਗਰ ਲਈ ਦਾਨ ਤਾਂ ਸਾਡੀ ਨੇਕ ਕਮਾਈ ਵਿਚੋਂ ਫੜੀ ਜਾਂਦੇ ਹਨ ਤੇ ਉਸੇ ਗੋਲਕ ਵਿੱਚ ਬੰਦ ਕਰਦੇ ਹਨ ਜਿਥੋਂ ਦੂਜਿਆਂ ਦੀ ਦਿੱਤੀ ਮਾਇਆ ਆਉਂਦੀ ਹੈ। ਇਕੱਠੇ ਹੋਇਆਂ ਪੈਸਿਆਂ ਦਾ ਹੀ ਲੰਗਰ ਬਣਾਇਆ ਜਾਂਦਾ ਹੈ। ਇਹ ਲੰਗਰ ਤਾਂ ਫਿਰ ਸਭ ਨੂੰ ਇਕੱਠੇ ਇਕ ਪੰਗਤ ਵਿੱਚ ਖਾਣਾ ਚਾਹੀਦਾ ਹੈ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਪਰ । ਪਰ ਇਥੇ ਤਾਂ ਸਭ ਉਲਟ ਹੈ। ਸਾਡੀ ਬਰਾਦਰੀ ਵੱਖਰੀ ਕਿਉਂ ਬਿਠਾਈ ਜਾਂਦੀ ਹੈ, ਸਾਨੂੰ ਕਹਿੰਦੇ ਹਨ ਅਲੱਗ ਬੈਠ ਕੇ ਖਾਓ। ਅਲੱਗ ਰਹੋ। ਉਸ ਦਾ ਧਿਆਨ ਪਿੰਡੋਂ ਬਹਰ ਬਣੀ ਦਲਿਤ ਕਲੋਨੀ ਵਲ ਗਿਆ। ਧਿਆਨ ਧਰਮਸ਼ਾਲਾ ਵਲ ਵੀ ਗਿਆ ਜੋ ਅਧੂਰੀ ਪਈ ਸੀ।

ਅਚਾਨਕ ਉਸ ਦੀ ਨਜ਼ਰ ਉਸ ਭੱਠੀ ਵੱਲ ਚਲੀ ਗਈ ਜਿਥੇ ਲੋਹ ‘ਤੇ ਲੰਗਰ ਵਾਸਤੇ ਰੋਟੀਆਂ ਪੱਕ ਰਹੀਆਂ ਸਨ। ਘਰਾਂ ਵਿਚੋਂ ਲਗਦੀ ਇੱਕ ਚਾਚੀ ਕਰਤਾਰੀ ਬਾਲਣ ਪਾ ਰਹੀ ਸੀ। ਉਸ ਦੀਆਂ ਅੱਖਾਂ ਵਿਚੋਂ ਧੂੰਏਂ ਨਾਲ ਬੁਰਾ ਹਾਲ ਕਰਦਾ ਪਾਣੀ ਵਗ ਰਿਹਾ ਸੀ। ਸ਼ਾਇਦ ਲੰਗਰ ਦੇ ਆਟੇ ਵਾਸਤੇ ਕਣਕ ਵੀ ਉਨ੍ਹਾਂ ਦੇ ਜੀਆਂ ਨੇ ਹੀ ਸਾਫ਼ ਕੀਤੀ ਸੀ। ਰੋਟੀਆਂ ਜਦ ਪੱਕ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਦੂਰ ਰੱਖਿਆ ਗਿਆ ਸੀ। ਇਕ ਹੋਰ ਪਾਸੇ ਨਜ਼ਰ ਮਾਰੀ ਤਾਂ ਉਸ ਦੇਖਿਆ ਸੀਬਾ ਝਿਉਰ ਤੇ ਉਸ ਦਾ ਪਰਿਵਾਰ ਥਾਲ ਸਾਫ਼ ਕਰ ਕਰ ਰੱਖੀ ਜਾ ਰਹੇ ਸੀ।

ਰਾਮ ਸਰਨ ਦਾ ਜੀਅ ਕੀਤਾ ਕਿ ਉਹ ਉਠ ਕੇ ਇਕ ਥਾਲ ਲੈ ਲਵੇ ਤੇ ਦੋ ਫੁਲਕੇ ਖਾ ਕੇ ਵਾਪਸ ਚਲਾ ਜਾਵੇ। ਸਵੈਮਾਣ ਵੀ ਕੋਈ ਚੀਜ਼ ਹੁੰਦੀ ਹੈ, ਉਹ ਉੱਠਿਆ। ਬੈਠੇ ਬੈਠੇ ਦਾ ਉਸ ਦਾ ਧਿਆਨ ਇੱਕ ਵਾਰ ਪਿੰਡ ਵਲ ਨੂੰ ਗਿਆ। ਪਿੰਡ ਤੋਂ ਪਹਿਲਾਂ ਉਸ ਦੀ ਨਜ਼ਰ ਸਕੂਲ ਦੀ ਬਿਲਡਿੰਗ ‘ਤੇ ਪਈ ਜਿਥੋਂ ਉਸ ਨੇ ਪਹਿਲੇ ਦਰਜੇ ਵਿੱਚ ਪਹਿਲੇ ਸਥਾਨ ‘ਤੇ ਦਸਵੀਂ ਪਾਸ ਕੀਤੀ ਸੀ। ਇਹ ਜਿਹੜੇ ਹੁਣ ਸੰਧੂ, ਢਿੱਲੋਂ ਵਗੈਰਾ ਬਣੇ ਫਿਰਦੇ ਹਨ ਸਭ ਫੇਲ੍ਹ ਹੋ ਗਏ ਸਨ ਜਾਂ ਥਰਡ ਡਵੀਜ਼ਨਾਂ ਲੈ ਕੇ ਪਾਸ ਹੋਏ ਸੀ। ਫਿਰ ਉਸ ਨੇ ਸ਼ਹਿਰ ਤੋਂ ਬੀ. ਏ. ਕੀਤੀ ਤੇ ਚੰਡੀਗੜ੍ਹ ਨੌਕਰੀ ਜਾ ਲੱਗਾ । ਉਥੇ ਕਿਹੜਾ ਉਹ ਹਟਿਆ ਐਲ. ਐਲ. ਬੀ. ਵਕਾਲਤ ਪਾਸ ਕਰ ਗਿਆ ਤੇ ਐਮ.ਏ. ਵੀ।

ਉਹ ਥੋੜ੍ਹੀ ਦੇਰ ਹੋਰ ਬੈਠਾ ਰਿਹਾ। ਉਸ ਨੂੰ ਕੋਈ ਬਰਤਨ ਦੇਣ ਨਾ ਆਇਆ। ਫਿਰ ਉਹ ਗੁੱਸੇ ਜਿਹੇ ਨਾਲ ਉੱਠਿਆ ਤੇ ਜੁੱਤੀ ਪਾ ਕੇ ਪਿੰਡ ਵਲ ਨੂੰ ਹੋ ਤੁਰਿਆ। ਸਪੀਕਰ ‘ਤੇ ਅਜੇ ਵੀ ਅਨਾਊਂਸਮੈਂਟ ਹੋ ਰਹੀ ਸੀ ਕਿ “ਜੋ ਵੀ ਮਾਈ ਭਾਈ ਆਇਆ ਉਹ ਲੰਗਰ ਜ਼ਰੂਰ ਛਕ ਕੇ ਜਾਵੇ । ਵਾਰ ਵਾਰ ਬੇਨਤੀ ਹੈ ਕਿ ਲੰਗਰ ਛਕੇ ਵਗੈਰ ਕੋਈ ਨਾ ਜਾਵੇ।”

ਰਾਮ ਸਰਨ ਵੀ ਪਿੰਡ ਵੱਲ ਜਾ ਰਿਹਾ ਸੀ ਤੇ ਸਪੀਕਰ ਦਾ ਮੂੰਹ ਵੀ ਪਿੰਡ ਵੱਲ ਨੂੰ ਸੀ, ਉਹ ਆਵਾਜ਼ ਉਸ ਦੇ ਕੰਨਾਂ ਵਿੱਚ ਆ ਕੇ ਠਾਹ ਵੱਜਦੀ। ਰਾਮ ਸਰਨ ਨੂੰ ਲੱਗ ਰਿਹਾ ਸੀ ਕਿ ਰੋਟੀ ਜਾਂ ਲੰਗਰ ਖਾਣ ਲਈ ਕੇਵਲ ਉਸ ਨੂੰ ਹੀ ਕਿਹਾ ਜਾ ਰਿਹਾ ਹੈ ਉਹ ਹੀ ਲੰਗਰ ਛਕੇ ਬਿਨਾਂ ਆ ਗਿਆ ਸੀ।

“ਦੇਖੋ ਇਹ ਗੁਰੂ ਘਰ ਦਾ ਲੰਗਰ ਹੈ ਇਸ ਨੂੰ ਛਕੇ ਵਗੈਰ ਜਾਣਾ ਸ਼ੋਭਾ ਨਹੀਂ ਦਿੰਦਾ।” ਸਪੀਕਰ ਤੋਂ ਫਿਰ ਆਵਾਜ਼ ਆਈ।

ਰਾਮ ਸਰਨ ਦਾ ਪਰਿਵਾਰ ਤਾਂ ਚੰਡੀਗੜ੍ਹ ਹੀ ਰਹਿੰਦਾ ਸੀ। ਹੁਣ ਆਪਣੇ ਭਾਈ ਦੇ ਘਰੋਂ ਪਹਿਲਾਂ ਥਾਲ ਲੈ ਕੇ ਜਾਵੇ ਫਿਰ ਲੰਗਰ ਛਕੇ, ਉਹ ਬੁੜਬੁੜਾਇਆ। “ਕਤਾਰਾਂ ਅਜੇ ਵੀ ਅਲੱਗ ਬਣਾਉਂਦੇ ਨੇ ਮੇਰੀ ਬਰਾਦਰੀ ਲਈ, ਬਰਤਨਾਂ ਦਾ ਪ੍ਰਬੰਧ ਨਹੀਂ, ਓਦਾਂ ਕਹਿੰਦੇ ਨੇ ਲੰਗਰ ਛਕ ਕੇ ਜਾਓ। ਫਿਰ ਰਾਮ ਸਰਨ ਤੇਜ਼ ਤੇਜ਼ ਤੁਰਨ ਲੱਗਾ। ਪਤਾ ਨਹੀਂ ਕਿਵੇਂ ਉਸ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਉਸ ਦੇ ਪਿੱਛੇ ਕੋਈ ਆ ਰਿਹਾ ਹੈ। ਜਿਵੇਂ ਕੋਈ ਆ ਕੇ ਕਹੇ ਕਲੇਰ ਸਾਹਿਬ ਆਓ ਏਦਾਂ ਨਹੀਂ ਲੰਗਰ ਛੱਕ ਕੇ ਜਾਓ ਤੇ ਉਹ ਮੁੜ ਪਵੇ। ਫਿਰ ਉਸ ਨੂੰ ਹੋਰ ਅਜੀਬ ਜਿਹਾ ਲੱਗਾ ਸਪੀਕਰ ਤੋਂ ਆਵਾਜ਼ ਆਈ। “ਬਈ ਸਾਧ ਸੰਗਤ ਸਭ ਲੰਗਰ ਛਕ ਕੇ ਜਾਓ-ਲੰਗਰ ਵਾਧੂ ਹੈ ਨਹੀਂ ਤਾਂ ਪਿੰਡ ਦੇ ਗਰੀਬਾਂ ਨੂੰ ਵੰਡ ਦਿੱਤਾ ਜਾਵੇਗਾ ਹਾਂ ਹੋਰ ਸੁਣੋ ਰਾਮ ਸਰਨ, ਸਾਧੂ ਚਮਾਰ ਦਾ ਮੁੰਡਾ ਜਿਹੜਾ ਚੰਡੀਗੜ੍ਹ ਤੋਂ ਆਇਆ ਹੈ ਉਹ ਲੰਗਰ ਛਕੇ ਬਿਨਾਂ ਚਲੇ ਗਿਆ ਹੈ ਉਹ ਜ਼ਰੂਰ ਲੰਗਰ ਛਕ ਕੇ ਜਾਵੇ ਭਾਵੇਂ ਇਕ ਫੁਲਕਾ ਹੀ।”

ਰਾਮ ਸਰਨ ਫਿਰ ਵੀ ਨਹੀਂ ਸੀ ਮੁੜਿਆ । ਪਹਿਲਾਂ ਤਾਂ ਉਸ ਨੂੰ ਅਲੱਗ ਬਿਠਾਇਆ ਗਿਆ। ਅਖੇ ਤੁਹਾਡੀ ਬਰਾਦਰੀ ਦੀ ਲਾਈਨ ਵੱਖਰੀ ਹੈ ਫਿਰ ਬਰਤਨ ਵੀ ਨਹੀਂ ਦਿੱਤਾ। ਕਣਕ ਬੀਜਣ ਤੋਂ ਲੈ ਕੇ ਵੱਢਣ ਤੱਕ, ਆਟਾ ਪਿਸਾਉਣ ਤੱਕ ਤੇ ਰੋਟੀਆਂ ਪਕਾਉਣ ਤਕ ਦਾ ਕੰਮ ਵੀ ਤਾਂ ਮੇਰੀ ਬਰਾਦਰੀ ਕਰਦੀ ਏ ਸਾਰਾ ਹੋਰ ਕੁਝ। ਉਧਰ ਸਬਜ਼ੀਆਂ ਅਤੇ ਦਾਲਾਂ ਬੀਜੋ, ਵੱਢੋ, ਮੰਡੀ ਲੈ ਕੇ ਜਾਓ। ਖਾਣ ਦੀ ਵਾਰ ਵੱਖਰੀ ਲਾਈਨ। ਸਾਡੇ ਪੈਸਿਆਂ ਦਾ ਲੰਗਰ । ਸਾਡੀਆਂ ਜੁੱਤੀਆਂ ਸਾਡੇ ਸਿਰ। ਉਸ ਜ਼ੋਰ ਦੀ ਦੰਦ ਕਰੀਚੇ ਤੇ ਸਿਰ ਝੰਜੋੜਿਆ।

ਉਹ ਪਿੰਡ ਵਲ ਨੂੰ ਤੁਰਿਆ ਆ ਰਿਹਾ ਸੀ। ਅਸਲ ਵਿੱਚ ਆਹ ਪਿੰਡ ਵਾਲੇ ਕੁਝ ਨਹੀਂ ਕਰਦੇ। ਜਿਵੇਂ ਉਨ੍ਹਾਂ ਦਿੱਤਾ ਖਾ ਆਏ। ਹੋਰ ਕਰਨ ਵੀ ਕੀ ਇਹ ਵਿਚਾਰੇ ਪਿੰਡ ਵਾਲੇ। ਉਸ ਨੂੰ ਫਿਰ ਬੜੀ ਖਿੱਝ ਆਈ, ਉਸ ਸਿਰ ਜ਼ੋਰ ਦੀ ਝਟਕਿਆ। ਦੰਦ ਕਰੀਚੇ। ਇਕ ਵਾਰ ਨਹੀਂ ਕਈ ਵਾਰ । ਉਹ ਫਿਰ ਸੋਚਣ ਲੱਗਾ ਜਿਵੇਂ ਗੂੜੀ ਨੀਂਦ ਤੋਂ ਜਾਗਿਆ ਹੋਵੇ। ਫਿਰ ਉਸ ਨੂੰ ਮਹਿਸੂਸ ਹੋਇਆ ਕਿ ਅੱਜ ਉਸ ਨੇ ਵੱਖਰੀ ਕਤਾਰ ਵਿੱਚ ਲੰਗਰ ਨਾ ਖਾ ਕੇ ਪਹਿਲੀ ਵਿਜੇ ਹਾਸਲ ਕੀਤੀ ਹੋਵੇ। ਉਹ ਪਹਿਲਾਂ ਢਿੱਲਾ ਜਿਹਾ ਤੁਰ ਰਿਹਾ ਸੀ। ਫਿਰ ਪਤਾ ਨਹੀਂ ਅਚਾਨਕ ਉਸ ਨੇ ਆਪਣੇ ਸਰੀਰ ਨੂੰ ਕੱਸਿਆ। ਜਿਵੇਂ ਕੋਈ ਪਿੱਛੇ ਤੋਂ ਸਾਵਧਾਨ-ਵੀਸ਼ਰਾਮ-ਸਾਵਧਾਨ-ਵੀਸ਼ਰਾਮ ਕਹਿ ਰਿਹਾ ਹੋਵੇ। ਅੰਦਰ ਸਵੈਮਾਣ ਜਿਹਾ ਜਾਗਿਆ। ਉਹ ਛਾਤੀ ਚੌੜੀ ਕਰ ਕੇ ਤੁਰਨ ਲੱਗ ਪਿਆ। ਕਿਸੇ ਦਾ ਕਾਹਦਾ ਡਰ ਆਪਣੀ ਕਮਾਨੇ ਤੇ ਖਾਨੇ ਹਾਂ ਉਹ ਅੰਦਰ ਹੀ ਅੰਦਰ ਬੋਲਿਆ। ਹੁਣ ਉਹ ਪਿੰਡ ਆਪਣੇ ਘਰਾਂ ਦੇ ਕੋਲ ਹੀ ਪੁੱਜ ਗਿਆ ਸੀ। ਸਪੀਕਰ ਦੀ ਆਵਾਜ਼ ਅਜੇ ਵੀ ਆ ਰਹੀ ਸੀ। “ਰਾਮ ਸਰਨ ਜਿਹੜਾ ਸਾਧੂ ਚਮਾਰ ਦਾ ਮੁੰਡਾ ਹੈ। ਲੰਗਰ ਨਹੀਂ ਛਕ ਕੇ ਗਿਆ ਉਹ ਮੁੜ ਆਏ ਤੇ ਲੰਗਰ ਛਕ ਕੇ ਜਾਵੇ।”

ਸਪੀਕਰ ਵਾਲਾ ਬੋਲ ਰਿਹਾ ਸੀ “ਸੰਗਤਾਂ ਲਗਪਗ ਲੰਗਰ ਛਕ ਚੁੱਕੀਆਂ ਹਨ, ਲੰਗਰ ਵਧਿਆ ਪਿਆ ਹੈ। ਚਮਾਲ੍ਹੜੀ ਵਾਲਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੂੰ ਲੰਗਰ ਦੀ ਜ਼ਰੂਰਤ ਹੋਵੇ ਰਾਤ ਵਾਸਤੇ ਦਾਲਾਂ-ਸਬਜ਼ੀਆਂ ਰੋਟੀਆਂ ਲੈ ਜਾਓ ਬਈ ਓਏ।”

ਏਨਾ ਕਹਿਣ ਦੀ ਦੇਰ ਸੀ ਕਿ ਰਾਮ ਸਰਨ ਦੀ ਬਰਾਦਰੀ ਦੇ ਲੋਕ ਬਾਲਟੀਆਂ ਪਤੀਲੇ ਲੈ ਕੇ ਬਾਬਿਆਂ ਦੀ ਜਗ੍ਹਾ ਵਲ ਨੂੰ ਦੌੜ ਪਏ ਸਨ ਤਾਂ ਕਿ ਅਗਰ ਡੰਗ ਦੀ ਦਾਲ ਜਾਂ ਸਬਜ਼ੀ ਹੀ ਮਿਲ ਜਾਵੇ ਜਾਂ ਚਾਰ ਰੋਟੀਆਂ ਹੀ ਮਿਲ ਜਾਣ ਤਾਂ ਰਾਤ ਦਾ ਡੰਗ ਕੀ ਮਾੜਾ ਹੈ। ਕਿਸੇ ਨੂੰ ਦਾਲ ਮਿਲੀ ਕਿਸੇ ਨੂੰ ਸਬਜ਼ੀ-ਦਹੀਂ-ਰੋਟੀਆਂ ਉਹ ਵਾਪਸ ਲੈ ਕੇ ਆ ਰਹੇ ਹਨ। ਉਹਨਾਂ ਦੇ ਚੇਹਰੇ ਚਮਕ ਰਹੇ ਸਨ।

ਰਾਮ ਸਰਨ ਨੇ ਇਹ ਸਾਰਾ ਕੁਝ ਦੇਖ ਕੇ ਆਪਣਾ ਸਿਰ ਜ਼ੋਰ ਦੀ ਝੰਜੋੜਿਆ। ਦੰਦ ਫਿਰ ਕਰੀਚੇ। ਇਕ ਵਾਰ ਨਹੀਂ ਕਈ ਵਾਰ । ਉਸ ਨੂੰ ਪਿੰਡ ਛੱਡਿਆਂ ਵੀਹ ਸਾਲ ਹੋ ਗਏ ਹਨ। ਉਦੋਂ ਵੀ ਏਦਾਂ ਹੀ ਸੀ, ਹੁਣ ਵੀ ਏਦਾਂ ਹੀ ਹੈ। ਕੁਝ ਵੀ ਨਹੀਂ ਬਦਲਿਆ। ਬਰਾਦਰੀ ਦੇ ਲੋਕ ਹੱਥਾਂ ਵਿੱਚ ਬਰਤਨ ਫੜੀ ਦੌੜੇ ਜਾ ਰਹੇ ਹਨ। ਰਾਮ ਸਰਨ ਉਨ੍ਹਾਂ ਨੂੰ ਰੋਕ ਕੇ ਪੁੱਛਣ ਦਾ ਯਤਨ ਕਰਦਾ ਹੈ। ਉਹ ਸਭ ਕਿਧਰ ਜਾ ਰਹੇ ਹਨ। ਉਸ ਨੇ ਫਿਰ ਇਕ ਵਾਰ ਅੱਖਾਂ ਮਲੀਆਂ ਜਿਵੇਂ ਲੰਬੀ ਨੀਂਦ ਤੋਂ ਜਾਗਿਆ ਹੋਵੇ।

ਉਸ ਦੇ ਰੋਕਣ ‘ਤੇ ਕੋਈ ਵੀ ਨਹੀਂ ਰੁਕਦਾ। ਉਹ ਖੜਾ ਦੌੜੇ ਜਾ ਰਹੇ ਬਰਾਦਰੀ ਦੇ ਲੋਕਾਂ ਵੱਲ ਦੇਖ ਰਿਹਾ ਹੈ। “ਮਾਨਸ ਕੀ ਜਾਤ ।” ਗੁਰੂ ਸਾਹਿਬ ਦਾ ਸੰਦੇਸ਼ ਤੇ ਇਹ ਲੋਕ…?

ਲੇਖਕ: ਮੋਹਨ ਲਾਲ ਫਿਲੌਰੀਆ

Leave a Comment

Your email address will not be published. Required fields are marked *

Scroll to Top