ਰਾਈ-ਦਾਣੇ ਨਾਲ ਪਰਬਤ ਨੂੰ ਉੜਾ ਸਕਦਾ ਹਾਂ ਮੈਂ।
ਸੈਂਕੜੇ ਜਵਾਲਾਮੁਖੀ ਝੋਲੀ ‘ਚ ਪਾ ਸਕਦਾ ਹਾਂ ਮੈਂ।
ਮਾਰਦੇ ਲੱਫਾਂ ਸਮੁੰਦਰ ਚੀਂਘ ਲਾ ਕੇ ਪੀ ਲਵਾਂ।
ਬਿਫ਼ਰਾਂ ਦੇ ਤੂਫ਼ਾਨ ਮੁੱਠੀ ਵਿਚ ਦਬਾ ਸਕਦਾ ਹਾਂ ਮੈਂ।
ਜੋ ਅਸੰਭਵ ਨੂੰ ਕਰੇ ਸੰਭਵ ਮੈਂ ਉਹ ਫ਼ਰਿਹਾਦ ਹਾਂ।
ਬੰਸ਼ ‘ਚੋਂ ਰਵਿਦਾਸ ਦੀ ਹਾਂ, ਭੀਮ ਦੀ ਔਲਾਦ ਹਾਂ।
ਸ਼ਹਿਨਸ਼ਾਹਾਂ ਨੇ ਮੇਰੇ ‘ਤੇ ਜ਼ੁਲਮ ਢਾਹ ਕੇ ਦੇਖਿਆ।
ਧਰਮ ਦੇ ਫ਼ਤਵੇ ਦਾ ਖੰਜ਼ਰ ਆਜ਼ਮਾ ਕੇ ਦੇਖਿਆ।
ਮੇਰੀ ਕੁਲ ਤੇ ਨੀਚਤਾ ਦਾ ਦਾਗ਼ ਲਾ ਕੇ ਦੇਖਿਆ।
ਮੈਨੂੰ ਹਰ ਮੁਮਕਿਨ ਤਰੀਕੇ ਨਾਲ ਦਬਾ ਕੇ ਦੇਖਿਆ।
ਜੋ ਕਿਸੇ ਸੇਕੋਂ ਵੀ ਨਾ ਪਿਘਲੇ ਮੈਂ ਉਹ ਫ਼ੌਲਾਦ ਹਾਂ।
ਬੰਸ਼ ‘ਚੋਂ ਰਵਿਦਾਸ ਦੀ ਹਾਂ, ਭੀਮ ਦੀ ਔਲਾਦ ਹਾਂ।
ਆਪਣੀ ਵਿਗੜੀ ਨੂੰ ਸੰਵਾਰੋ ਆਪ ਆਓ ਸਾਥੀਓ।
ਆਪਣੀ ਕਿਸ਼ਤੀ ਨੂੰ ਕਿਨਾਰੇ ਆਪ ਲਾਓ ਸਾਥੀਓ।
ਟੁੱਟ ਗਏ ਚੱਪੂ ਤੇ ਕੋਈ ਗ਼ਮ ਨਹੀਂ, ਹਿੰਮਤ ਕਰੋ,
ਆਪਣੀਆਂ ਬਾਹਾਂ ਨੂੰ ਹੀ ਹੁਣ ਚੱਪੂ ਬਣਾਓ ਸਾਥੀਓ।
ਆਪ ਹੁਣ ਆਪਣਾ ਖਵੱਈਆ’ ਲੋੜ ਦੀ ਈਜ਼ਾਦ ਹਾਂ।
ਬੰਸ਼ ‘ਚੋਂ ਰਵਿਦਾਸ ਦੀ ਹਾਂ, ਭੀਮ ਦੀ ਔਲਾਦ ਹਾਂ।
ਹੱਥ ਜੋੜਨ ਦੀ ਬਜਾਏ ਹੱਥ ਵਿਚ ਹਥਿਆਰ ਲੈ।
ਏਕਤਾ ਦੀ ਡਾਂਗ ਲੈ ਤਾਲੀਮ ਦੀ ਤਲਵਾਰ ਲੈ।
ਭੇਡ ਦੀ ਦਿੰਦੇ ਬਲੀ, ਉੱਠ ਜਾਗ ਬੱਬਰ ਸ਼ੇਰ ਬਣ।
ਮੰਗ ਕੇ ਨਹੀਂ ਖੋਹ ਕੇ ‘ਪ੍ਰੀਤਮ’ ਆਪਣੇ ਅਧਿਕਾਰ ਲੈ।
ਆਉਣ ਵਾਲੀ ਹੈ ਜੋ ਪਰਲੋ ਉਸ ਦੀ ਮੈਂ ਬੁਨਿਆਦ ਹਾਂ।
ਬੰਸ਼ ‘ਚੋਂ ਰਵਿਦਾਸ ਦੀ ਹਾਂ, ਭੀਮ ਦੀ ਔਲਾਦ ਹਾਂ
ਪ੍ਰੀਤਮ ਰਾਮਦਾਸਪੁਰੀ