ਭਾਰਤ ਵਿੱਚ ਸਮਾਜਕ ਇਨਕਲਾਬ ਦੀ ਸ਼ੁਰੂਆਤ, 1848 ਵਿੱਚ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਪੂਨਾ ਤੋਂ ਕੀਤੀ। ਉਨ੍ਹਾਂ ਦੇਸ਼ ਦਾ ਪਹਿਲਾਂ ਲੜਕੀਆਂ ਅਤੇ SC ਬੱਚਿਆਂ ਦਾ ਸਕੂਲ ਖੋਲਿਆ।
ਉਨ੍ਹਾਂ ਦੇਸ਼ ਦੀ 85% SC, BC, ST ਆਬਾਦੀ ਅਤੇ ਔਰਤਾਂ ਦੀ ਸਮਾਜਕ ਗ਼ੁਲਾਮੀ ਦਾ ਮੁਢਲਾ ਕਾਰਣ ਅਵਿਦਿਆ ਨੂੰ ਮੰਨਿਆ। ਇਸ ਕਰਕੇ ਇਨ੍ਹਾਂ ਵਰਗਾਂ ਦੀ ਅਜਾਦੀ ਲਈ ਵਿਦਿਆ ਤੋਂ ਹੀ ਪਹਿਲ ਕੀਤੀ।
ਪੰਜਾਬ ‘ਚ ਇਸ ਦਿਸ਼ਾ ਵਿੱਚ ਸ਼ੁਰੂਆਤ 1925 ਤੋਂ ਹੋਈ। ਹੋਸ਼ਿਆਰਪੁਰ ਜਿਲ੍ਹੇ ਦੇ ਪਿੰਡ ਮੁੱਗੋਵਾਲ ਵਿਖੇ ਬਾਬੂ ਮੰਗੂ ਰਾਮ ਨੇ SC ਬੱਚਿਆਂ ਦੇ ਲਈ ਸਕੂਲ ਖੋਲਿਆ। ਉਹ ਐਥੈ ਲੜਕੀਆਂ ਨੂੰ ਵੀ ਪੜ੍ਹਾਇਆ ਕਰਦੇ ਸਨ।
ਬਾਬੂ ਜੀ ਪਹਿਲਾਂ ਅਮਰੀਕਾ ਵਿਖੇ ਗ਼ਦਰ ਲਹਿਰ ‘ਚ ਸ਼ਾਮਿਲ ਹੋਏ, ਜੋ ਭਾਰਤ ਵਿੱਚ ਰਾਜ ਕਰ ਰਹੇ ਅੰਗਰੇਜ਼ਾਂ ਖਿਲਾਫ ਸੰਘਰਸ਼ ਕਰ ਰਹੀ ਸੀ। ਲੇਕਿਨ ਜਦੋਂ ਉਹ ਵਾਪਸ ਭਾਰਤ ਆਏ ਤਾਂ ਆਪਣੇ SC ਭਾਈਚਾਰੇ ਦੀ ਹਾਲਤ ਵੇਖ ‘ਕੇ ਬਹੁਤ ਦੁਖੀ ਹੋਏ।
ਉਨ੍ਹਾਂ ਨੂੰ ਲੱਗਿਆ ਕਿ ਹਿੰਦੂ, ਸਿੱਖ, ਮੁਸਲਮਾਨ ਤਾਂ ਅੰਗਰੇਜ਼ਾਂ ਦੇ ਗ਼ੁਲਾਮ ਹਨ; ਲੇਕਿਨ ਮੇਰਾ ਸਮਾਜ ਤਾਂ ਇਨ੍ਹਾਂ ਅੰਗਰੇਜ਼ਾਂ ਦੇ ਗ਼ੁਲਾਮਾਂ ਦਾ ਗ਼ੁਲਾਮ ਹੈ।
ਉਨ੍ਹਾਂ ਗ਼ਦਰ ਲਹਿਰ ਨੂੰ ਅਲਵਿਦਾ ਕਿਹਾ ਅਤੇ ਆਪਣੇ ਸਮਾਜ ਦੀ ਅਜਾਦੀ ਦੀ ਜੰਗ ਸ਼ੁਰੂ ਕੀਤੀ।
11-12 ਜੂਨ 1926 ਨੂੰ ਉਨ੍ਹਾਂ ਮੁੱਗੋਵਾਲ ਵਿਖੇ ਪੂਰੇ ਪੰਜਾਬ; ਜਿਸ ਵਿੱਚ ਅੱਜ ਦਾ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪਾਕਿਸਤਾਨ ਦਾ ਪੰਜਾਬ ਵੀ ਸ਼ਾਮਿਲ ਸੀ – ਦੇ SC ਭਾਈਚਾਰੇ ਦੀ ਇੱਕ ਵੱਡੀ ਕਾਨਫਰੰਸ ਬੁਲਾਈ। ਇਸ ਵਿੱਚ ਆਦਿ ਧਰਮ ਮੰਡਲ ਦੀ ਸਥਾਪਨਾ ਹੋਈ ਅਤੇ ਬਾਬੂ ਮੰਗੂ ਰਾਮ ਜੀ ਇਸ ਦੇ ਆਗੂ ਚੁਣੇ ਗਏ।
ਹਾਲਾਂਕਿ ਆਦਿ ਧਰਮ ਲਹਿਰ ਨੂੰ ਇੱਕ ਧਾਰਮਿਕ ਲਹਿਰ ਵਜੋਂ ਮਾਨਤਾ ਮਿਲੀ, ਲੇਕਿਨ ਬਾਬੂ ਜੀ ਨੇ ਹਮੇਸ਼ਾ ਸਮਾਜਕ ਪੱਖ ਤੇ ਵੀ ਜ਼ੋਰ ਦਿੱਤਾ।
1929 ਵਿੱਚ ਉਨ੍ਹਾਂ ਨੇ ਅੰਗਰੇਜ਼ ਸਰਕਾਰ ਨੂੰ ਮੈਮੋਰੰਡਮ ਦਿੱਤਾ ਕਿ SC ਬੱਚਿਆਂ ਦੀਆਂ ਫੀਸਾਂ ਮਾਫ ਹੋਣ ਅਤੇ ਵਜੀਫੇ ਦਿੱਤੇ ਜਾਣ, ਜਿਸਨੂੰ ਮਨਜ਼ੂਰ ਕੀਤਾ ਗਿਆ।
ਉਨ੍ਹਾਂ ਆਦਿ ਧਰਮ ਮੰਡਲ ਦੀਆਂ ਮੀਟਿੰਗਾਂ ਵਿੱਚ ਹਮੇਸ਼ਾ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਜ਼ਿਆਦਾ-ਤੋਂ-ਜ਼ਿਆਦਾ ਪੜ੍ਹਾਉਣ-ਲਿਖਾਉਣ ਉੱਪਰ ਜ਼ੋਰ ਦਿੱਤਾ।
ਅੰਗਰੇਜ਼ ਸਰਕਾਰ ਨੂੰ ਪੰਜਾਬ ਵਿੱਚ SC ਅਧਿਆਪਕਾਂ ਦੀ ਭਰਤੀ ਲਈ ਅਪੀਲ ਕੀਤੀ ਅਤੇ 80 SC ਪੜ੍ਹੇ-ਲਿਖੇ ਨੌਜਵਾਨਾਂ ਨੂੰ ਟ੍ਰੇਨਿੰਗ ਦੁਆਕੇ ਅਧਿਆਪਕ ਬਣਾਇਆ।
ਆਦਿ ਧਰਮ ਲਹਿਰ ਤੋਂ ਬਾਅਦ SC ਭਾਈਚਾਰੇ ਦੀ ਅਜਾਦੀ ਲਈ ਜੇੜੀ ਦੂਜੀ ਲਹਿਰ ਪੰਜਾਬ ਵਿੱਚ ਉੱਠੀ, ਉਸ ਦੀ ਸ਼ੁਰੂਆਤ 1942 ਨੂੰ ਨਾਗਪੁਰ, ਮਹਾਰਾਸ਼ਟਰ ਵਿਖੇ ਹੋਈ। ਬਾਬਾਸਾਹਿਬ ਅੰਬੇਡਕਰ ਨੇ ਓਥੇ ਪੂਰੇ ਭਾਰਤ ਦੀਆਂ SC ਜਾਂਤਾਂ ਨੂੰ ਇੱਕਜੁੱਟ ਕਰਨ ਦੇ ਲਈ Scheduled Caste Federation ਦੀ ਨੀਂਹ ਰੱਖੀ।
ਲੇਕਿਨ ਕਿਓਂਕੀ ਇਹ ਇੱਕ ਸਿਆਸੀ ਸੰਗਠਨ ਸੀ, ਇਸ ਕਰਕੇ ਬਾਬਾਸਾਹਿਬ ਵੱਲੋਂ 1920 ਤੋਂ ਸ਼ੁਰੂ ਕੀਤੇ ਗਏ ਸਮਾਜਕ ਕੰਮਾਂ ਉੱਪਰ ਪੰਜਾਬ ਵਿੱਚ ਜ਼ਿਆਦਾ ਚਰਚਾ ਨਹੀਂ ਹੋ ਸਕੀ।
ਬਾਬਾਸਾਹਿਬ ਦਾ ਵੀ ਪਹਿਲਾਂ ਨਾਰਾ Educate ਭਾਵ ਸਿੱਖਿਆ ਤੇ ਹੀ ਸੀ।
ਪੰਜਾਬ ਦੇ SC ਲੋਕਾਂ ਦੀ ਤੀਜੀ ਵੱਡੀ ਲਹਿਰ, ਸਾਹਿਬ ਕਾਂਸ਼ੀ ਰਾਮ ਦੀ ਅਗਵਾਈ ਵਿੱਚ ਚੱਲੀ। ਇਸ ਦੀ ਸ਼ੁਰੂਆਤ 1978 ਵਿੱਚ BAMCEF ਨਾਲ ਹੋਈ, ਜੋ ਕਿ ਸਮਾਜਕ ਸੰਗਠਨ ਸੀ। ਲੇਕਿਨ 1984 ਵਿੱਚ ਉਨ੍ਹਾਂ ਦੇ ਸਿਆਸਤ ‘ਚ ਕਦਮ ਰੱਖਣ ਦੇ ਬਾਅਦ, ਇਸ ਲਹਿਰ ਨੂੰ ਇੱਕ ਰਾਜਨੀਤਿਕ ਲਹਿਰ ਵਜੋਂ ਹੀ ਜਾਣਿਆ ਗਿਆ।
ਇਸ ਤਰ੍ਹਾਂ ਪੰਜਾਬ ਵਿੱਚ ਸਮਾਜਕ ਇਨਕਲਾਬ ਦੀ ਲਹਿਰ ਹਜੇ ਤੱਕ ਕੋਈ ਜ਼ਿਆਦਾ ਜ਼ੋਰ ਨਹੀਂ ਫੜ ਸਕੀ ਹੈ।
ਅੱਜ ਜੇਕਰ ਅਸੀਂ ਪੰਜਾਬ ਦੀਆਂ SC ਜਾਂਤਾਂ ਦੀ ਸਮਾਜਕ ਪੱਖ ਤੋਂ ਮਹਾਰਾਸ਼ਟਰ ਨਾਲ ਤੁਲਨਾ ਕਰੀਏ ਤਾਂ ਇਹ ਕਾਫੀ ਪਿੱਛੇ ਨਜ਼ਰ ਆਉਂਦੇ ਹਨ।
ਮਹਾਰਾਸ਼ਟਰ ਵਿੱਚ ਰਾਸ਼ਟਰਪਿਤਾ ਜੋਤੀਰਾਓ ਫੂਲੇ ਵੱਲੋਂ 1848 ਤੋਂ ਸ਼ੁਰੂ ਹੋਇਆ ਸਮਾਜਕ ਇਨਕਲਾਬ, ਛਤ੍ਰਪਤੀ ਸ਼ਾਹੂ ਜੀ ਮਹਾਰਾਜ ਤੋਂ ਹੁੰਦਾ ਹੋਇਆ ਬਾਬਾਸਾਹਿਬ ਅੰਬੇਡਕਰ ਤੱਕ ਪਹੁੰਚਿਆ। ਅੱਜ ਓਥੇ ਪਿੰਡ-ਪਿੰਡ, ਗਲੀ-ਗਲੀ ਟਯੂਸ਼ਨ ਸੇੰਟਰ, ਲਾਇਬ੍ਰੇਰੀਆਂ, ਸਕੂਲ ਖੁੱਲ ਚੁੱਕੇ ਹਨ। ਲੇਕਿਨ ਪੰਜਾਬ ‘ਚ ਅੱਜ ਵੀ ਸਤਿਗੁਰੂ ਰਵਿਦਾਸ, ਬਾਬਾਸਾਹਿਬ ਅੰਬੇਡਕਰ ਅਤੇ ਹੋਰ ਮਹਾਂਪੁਰਸ਼ਾਂ ਦੇ ਨਾਮ ਤੇ ਇਹੋ ਜਿਹੇ ਕੁੱਝ ‘ਕ ਅਦਾਰੇ ਹੀ ਵੇਖਣ ਨੂੰ ਮਿਲਦੇ ਹਨ।
ਪੰਜਾਬ ‘ਚ ਪਿਛਲੇ ਕੁੱਝ ਸਮੇਂ ਤੋਂ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਰਾਸ਼ਟਰਮਾਤਾ
ਸਵਿੱਤਰੀਬਾਈ ਫੂਲੇ ਅਤੇ ਬਾਬਾਸਾਹਿਬ ਅੰਬੇਡਕਰ ਦੇ ਨਾਮ ਉੱਪਰ ਕੁੱਝ ਟਯੂਸ਼ਨ ਸੇੰਟਰ, ਲਾਇਬ੍ਰੇਰੀਆਂ ਬਣੀਆਂ ਹਨ। ਲੇਕਿਨ ਸੂਬੇ ਦੀ ਇੱਕ ਤਿਹਾਈ ਆਬਾਦੀ ਦੀ ਲੋੜ ਅਨੁਸਾਰ ਇਹ ਗਿਣਤੀ ਹਜੇ ਵੀ ਆਪਣੇ ਸ਼ੁਰੂਆਤੀ ਦੌਰ ਵਿੱਚ ਹੀ ਹੈ।
ਮਹਾਰਾਸ਼ਟਰ ਵਾਂਗ ਪੰਜਾਬ ਵਿੱਚ ਵੀ SC ਭਾਈਚਾਰੇ ਨੂੰ ਧਾਰਮਿਕ-ਰਾਜਨੀਤਿਕ ਬਰਾਬਰੀ ਦੇ ਨਾਲ-ਨਾਲ ਸਮਾਜਕ ਬਰਾਬਰੀ ਹਾਸਿਲ ਕਰਨ ਲਈ, ਇਸ ਦਿਸ਼ਾ ਵਿੱਚ ਹੋਰ ਅੱਗੇ ਵਧਣ ਦੀ ਲੋੜ ਹੈ।
ਸਤਵਿੰਦਰ ਮਦਾਰਾ
25 October 2024