ਭਾਰਤ ਵਿੱਚ ਸਮਾਜਕ ਇਨਕਲਾਬ ਦੀ ਸ਼ੁਰੂਆਤ 1848 ‘ਚ ਪੂਨਾ ਤੋਂ ਹੋਈ।
ਦੇਸ਼ ਦੀਆਂ ਔਰਤਾਂ ਅਤੇ SC/BC ਭਾਈਚਾਰੇ ਉੱਪਰ ਮਨੂਵਾਦ ਦੇ ਅਧਾਰ ‘ਤੇ, ਪਿਛਲੇ ਦੋ ਹਜ਼ਾਰ ਸਾਲ ਤੋਂ ਪੜ੍ਹਨ-ਲਿਖਣ ਤੇ ਪਾਬੰਦੀ ਲਗਾਈ ਗਈ ਸੀ।
ਅੰਗਰੇਜ਼ਾਂ ਦੇ ਭਾਰਤ ਵਿੱਚ ਰਾਜ ਸਥਾਪਿਤ ਕਰਨ ਦੇ ਬਾਅਦ ਇਹ ਮਨਾਹੀ ਖਤਮ ਹੋਈ।
ਲੇਕਿਨ ਉਨ੍ਹਾਂ ਵੱਲੋਂ ਸਭ ਨੂੰ ਸਿੱਖਿਆ ਦੇਣ ਦੀ ਸ਼ੁਰੂਆਤ ਦਾ ਫਾਇਦਾ, ਜ਼ਿਆਦਾਤਰ ਬ੍ਰਾਹਮਣ ਅਤੇ ਦੂਜੀਆਂ ਸਵਰਨ ਜਾਂਤਾਂ ਨੂੰ ਹੀ ਹੋਇਆ। ਔਰਤਾਂ ਅਤੇ SC-BC ਭਾਈਚਾਰਾ, ਇਸ ਤੋਂ ਵਾਂਝਾ ਹੀ ਰਿਹਾ।
1827 ‘ਚ ਮਹਾਰਾਸ਼ਟਰ ਦੇ ਪੂਨਾ ਵਿਖੇ ਸੈਣੀ-ਮਾਲੀ ਜਾਤ ਵਿੱਚ ਜਨਮੇਂ ਜੋਤੀਰਾਓ ਫੂਲੇ, ਆਪਣੇ ਸਮਾਜ ਦੇ ਪਹਲੇ ਬੱਚਿਆਂ ਵਿੱਚੋਂ ਸਨ, ਜੋ ਕਿ ਸਕੂਲ ਵਿੱਚ ਪੜ੍ਹੇ।
ਇੱਕ ਬਾਰ ਉਹ ਆਪਣੇ ਬ੍ਰਾਹਮਣ ਦੋਸਤ ਦੇ ਵਿਆਹ ‘ਚ ਗਏ। ਬ੍ਰਾਹਮਣਾਂ ਦੇ ਵਿਆਹ ਵਿੱਚ, ਇੱਕ ਸੈਣੀ-ਮਾਲੀ ਜਾਤ ਦੇ ਲੜਕੇ ਦੇ ਸ਼ਾਮਿਲ ਹੋਣ ਕਰਕੇ ਵਿਵਾਦ ਖੜਾ ਹੋ ਗਿਆ। ਬ੍ਰਾਹਮਣਾਂ ਨੇ ਜੋਤੀਰਾਓ ਫੂਲੇ ਦੀ ਬੇਇਜ਼ਤੀ ਕੀਤੀ ਅਤੇ ਦੁਖੀ ਹੋਕੇ ਉਹ ਓਥੋਂ ਚਲੇ ਗਏ।
ਲੇਕਿਨ ਇਸ ਘਟਨਾ ਨੇ ਉਨ੍ਹਾਂ ਨੂੰ ਝੰਝੋੜ ਕੇ ਰੱਖਤਾ।
ਉਹ ਸੋਚਣ ਲੱਗੇ ਕਿ ਆਖਿਰ ਬ੍ਰਾਹਮਣਾਂ ਨੇ ਮੇਰੀ ਬੇਇਜ਼ਤੀ ਕਿਓਂ ਕੀਤੀ ?
ਉਨ੍ਹਾਂ ਨੂੰ ਇਸ ਦਾ ਕਾਰਨ ਸਮਝ ਆਇਆ ਕਿ ਸਾਡੇ ਸਮਾਜ ਨੂੰ ਪੜ੍ਹਨ-ਲਿਖਣ ਨਹੀਂ ਦਿੱਤਾ ਗਿਆ, ਇਸ ਕਰਕੇ ਉਹ ਤਰੱਕੀ ਨਹੀਂ ਕਰ ਸਕੇ ਅਤੇ ਗ਼ੁਲਾਮ ਬਣ ਗਏ। ਜੋਤੀਰਾਓ ਫੂਲੇ ਖੁਦ ਤਾਂ ਪੜ੍ਹ ਗਏ, ਲੇਕਿਨ ਉਨ੍ਹਾਂ ਦਾ ਸਮਾਜ ਹਜੇ ਵੀ ਅਨਪੜ੍ਹ ਅਤੇ ਗਰੀਬ ਸੀ।
ਉਨ੍ਹਾਂ ਨੇ ਆਪਣੇ ਸਮਾਜ ਨੂੰ ਪੜ੍ਹਾਉਣ-ਲਿਖਾਉਣ ਦੇ ਲਈ ਸਕੂਲ ਖੋਲਣ ਬਾਰੇ ਸੋਚਿਆ।
ਲੇਕਿਨ ਦੇਸ਼ ਦੇ SC ਭਾਈਚਾਰੇ ਦੀ ਹਾਲਤ BC ਭਾਈਚਾਰੇ ਨਾਲੋਂ ਵੀ ਕੀਤੇ ਮਾੜੀ ਸੀ। ਉਨ੍ਹਾਂ ਸੋਚਿਆ ਕਿ ਮੈਨੂੰ ਪਹਿਲਾਂ ਇਨ੍ਹਾਂ ਦੇ ਬੱਚਿਆਂ ਲਈ ਸਕੂਲ ਖੋਲਣੇ ਚਾਹੀਦੇ ਹਨ।
ਉਨ੍ਹਾਂ ਨੇ ਘਰ ਜਾਕੇ ਇਹ ਸਾਰੀ ਗੱਲ ਆਪਣੀ ਪਤਨੀ ਸਵਿੱਤਰੀਬਾਈ ਫੂਲੇ ਨੂੰ ਦੱਸੀ। ਉਨ੍ਹਾਂ ਨੇ ਜੋਤੀਰਾਓ ਫੂਲੇ ਨੂੰ ਕਿਹਾ ਕਿ ਸਮਾਜ ਵਿੱਚ ਸਭ ਤੋਂ ਮਾੜੀ ਹਾਲਤ ਤਾਂ ਔਰਤਾਂ ਦੀ ਹੈ। ਔਰਤ ਭਾਵੇਂ ਕਿਸੇ ਵੀ ਜਾਤ ਦੀ ਹੋਵੇ, ਚਾਹੇ ਉਹ ਬ੍ਰਾਹਮਣ ਵੀ ਹੋਵੇ; ਉਸਨੂੰ ਵੀ ਪੜ੍ਹਨ-ਲਿਖਣ ਦਾ ਅਧਿਕਾਰ ਨਹੀਂ ਹੈ। ਇਸ ਕਰਕੇ ਤੁਸੀਂ ਸਭ ਤੋਂ ਪਹਿਲਾਂ ਲੜਕੀਆਂ ਲਈ ਸਕੂਲ ਖੋਲੋ।
ਇਨ੍ਹਾਂ ਸਾਰੀਆਂ ਗੱਲਾਂ ਤੇ ਗੌਰ ਕਰਕੇ ਜੋਤੀਰਾਓ ਫੂਲੇ ਨੇ ਸਵਿੱਤਰੀਬਾਈ ਫੂਲੇ ਨਾਲ ਮਿਲਕੇ, 1848 ‘ਚ ਪੂਨਾ ਵਿਖੇ ਦੇਸ਼ ਦਾ ਪਹਿਲਾਂ ਲੜਕੀਆਂ ਦਾ ਅਤੇ ਫਿਰ ਦੇਸ਼ ਦਾ ਪਹਿਲਾਂ SC ਬੱਚਿਆਂ ਦਾ ਸਕੂਲ ਖੋਲਿਆ।
ਇਸ ਤਰ੍ਹਾਂ ਭਾਰਤ ਵਿੱਚ ਸਮਾਜਕ ਇਨਕਲਾਬ ਦਾ ਮੁੱਢ ਬੱਜਾ।
ਉਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਕਿ ਭਾਵੇਂ ਦੇਸ਼ ਅੰਗਰੇਜ਼ਾਂ ਦਾ ਰਾਜਨੀਤਿਕ ਗ਼ੁਲਾਮ ਸੀ, ਲੇਕਿਨ ਔਰਤਾਂ ਅਤੇ SC-BC ਭਾਈਚਾਰਾ, ਮਨੂਵਾਦ ਦਾ ਸਮਾਜਕ ਗ਼ੁਲਾਮ ਸੀ।
ਉਨ੍ਹਾਂ ਨੇ ਰਾਜਨੀਤਿਕ ਗ਼ੁਲਾਮੀ ਨਾਲੋਂ ਸਮਾਜਕ ਗ਼ੁਲਾਮੀ ਨੂੰ ਕੀਤੇ ਜ਼ਿਆਦਾ ਖਤਰਨਾਕ ਅਤੇ ਘਾਤਕ ਮੰਨਿਆ।
ਫਿਰ ਸਾਰਾ ਜੀਵਨ ਉਨ੍ਹਾਂ ਨੇ ਔਰਤਾਂ ਅਤੇ SC-BC ਭਾਈਚਾਰੇ ਨੂੰ ਸਿੱਖਿਅਤ ਕਰਨ ਅਤੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਸੰਘਰਸ਼ ਕੀਤਾ।
ਸਮਾਜ ਨੂੰ ਜਾਗਰੂਕ ਕਰਨ ਦੇ ਲਈ ਬਹੁਤ ਸਾਰਾ ਸਾਹਿਤ ਲਿਖਿਆ, ਅਖਬਾਰ ਸ਼ੁਰੂ ਕੀਤੇ। ਕਵਿਤਾਵਾਂ, ਗੀਤਾਂ, ਨਾਟਕਾਂ ਰਾਹੀਂ ਵੱਡੇ ਪੱਧਰ ਤੇ ਸਮਾਜ ਵਿੱਚ ਜਾਗ੍ਰਿਤੀ ਲਿਆਂਦੀ।
1890 ਵਿੱਚ ਉਨ੍ਹਾਂ ਦੇ ਪਰਿਨਿਰਵਾਣ ਦੇ ਬਾਅਦ ਇਸ ਲਹਿਰ ਦੀ ਅਗਵਾਈ ਕੋਲ੍ਹਾਪੁਰ ਦੇ ਰਾਜਾ ਛਤ੍ਰਪਤੀ ਸ਼ਾਹੂ ਜੀ ਮਹਾਰਾਜ ਨੇ ਕੀਤੀ ਅਤੇ ਫਿਰ 1920 ‘ਚ ਉਨ੍ਹਾਂ ਨੇ ਇਸ ਦੀ ਲਗਾਮ ਬਾਬਾਸਾਹਿਬ ਦੇ ਹੱਥ ਫੜਾਈ।
ਇਸ ਤਰ੍ਹਾਂ ਪਿਛਲੇ ਦੋ ਹਜ਼ਾਰ ਸਾਲ ਤੋਂ ਸਮਾਜਕ ਗ਼ੁਲਾਮੀ ਦਾ ਸ਼ਿਕਾਰ ਔਰਤਾਂ ਅਤੇ SC-BC ਭਾਈਚਾਰੇ ਵਿੱਚ ਇੱਕ ਨਵੀਂ ਲਹਿਰ ਉੱਠ ਖੜੀ। ਬਾਬਾਸਾਹਿਬ ਅੰਬੇਡਕਰ ਨੇ ਇਨ੍ਹਾਂ ਵਰਗਾਂ ਨੂੰ 1950 ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਣ ਤੇ ਉਹ ਸਾਰੇ ਅਧਿਕਾਰ ਕੰਨੂਨੀ ਤੌਰ ਤੇ ਲੈ ਕੇ ਦਿੱਤੇ, ਜੋ ਇਨ੍ਹਾਂ ਤੋਂ ਖੋ ਲਏ ਗਏ ਸਨ।
ਅੱਜ ਪੰਜਾਬ ਵਿੱਚ ਵੀ ਲੋੜ ਹੈ ਕਿ ਸਮਾਜਕ ਇਨਕਲਾਬ ਦੀ ਲਹਿਰ ਨੂੰ ਮਜਬੂਤ ਕੀਤਾ ਜਾਵੇ। ਮਹਾਰਾਸ਼ਟਰ ਵਾਂਗ ਐਥੇ ਵੀ ਔਰਤਾਂ ਅਤੇ SC-BC ਭਾਈਚਾਰਾ ਇਸ ਦਿਸ਼ਾ ਵਿੱਚ ਅੱਗੇ ਵਧਣ ਅਤੇ ਸਮਾਜਕ ਬਰਾਬਰੀ ਹਾਸਿਲ ਕਰ ਸਕਣ।
ਸਤਵਿੰਦਰ ਮਦਾਰਾ
20 October 2024