ਬਾਬਾਸਾਹਿਬ ਦਾ ਜਨਤਕ ਜੀਵਨ 1920 ਤੋਂ ਸ਼ੁਰੂ ਹੋਇਆ ਸੀ।
ਉਨ੍ਹਾਂ ਨੇ ਅਮਰੀਕਾ ਤੋਂ ਅਰਥਸ਼ਾਸਤਰ ਵਿੱਚ PhD ਕੀਤੀ, ਲੇਕਿਨ ਆਪਣੇ ਲੋਕਾਂ ਨੂੰ ਬਰਾਬਰੀ ਦਿਵਾਉਣ ਲਈ ਵਾਪਸ ਭਾਰਤ ਆਏ।
SC ਭਾਈਚਾਰੇ ਵਿੱਚ ਜਾਗ੍ਰਿਤੀ ਲਿਆਉਣ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ, “ਮੂਕਨਾਇਕ” ਅਖਬਾਰ ਸ਼ੁਰੂ ਕੀਤਾ।
ਆਪਣੇ ਲੋਕਾਂ ਦੀ ਤਰੱਕੀ ਵਾਸਤੇ ਉਨ੍ਹਾਂ ਨੇ ਸਨ 1924 ਵਿੱਚ “ਬਹਿਸ਼ਕ੍ਰਿਤ ਹਿਤਕਾਰਣੀ ਸਭਾ” ਦੀ ਨੀਂਹ ਰੱਖੀ। ਇਸ ਰਾਹੀਂ ਉਨ੍ਹਾਂ ਨੇ SC ਲੋਕਾਂ ਦੀ ਸਮਾਜਕ ਤਰੱਕੀ ਵਾਸਤੇ ਬਹੁਤ ਸਾਰੇ ਯਤਨ ਸ਼ੁਰੂ ਕੀਤੇ। ਇਸ ਵਿੱਚ ਉਨ੍ਹਾਂ ਨੂੰ ਜਾਗਰੂਕ ਕਰਨਾ, ਸਿੱਖਿਆ ਨੂੰ ਬੜ੍ਹਾਵਾ ਦੇਣਾ, ਲਾਇਬ੍ਰੇਰੀਆਂ, ਸਮਾਜਕ ਭਵਨ ਖੋਲਣੇ, ਉਨ੍ਹਾਂ ਦੀ ਆਰਥਿਕ ਤਰੱਕੀ ਲਈ ਯਤਨ ਕਰਨੇ; ਵਰਗੇ ਅਨੇਕਾਂ ਹੀ ਸਮਾਜਕ ਕੰਮ ਸ਼ਾਮਿਲ ਸਨ।
ਜਦ 1930 ਦੇ ਸਮੇਂ, ਲੰਦਨ ਵਿਖੇ ਦੇਸ਼ ਦੇ ਸੰਵਿਧਾਨ ਨੂੰ ਬਨਾਉਣ ਲਈ ਗੋਲਮੇਜ ਕਾਨਫਰੰਸਾਂ ਹੋਈਆਂ ਤਾਂ ਬਾਬਾਸਾਹਿਬ ਨੇ ਪੂਰੇ ਦੇਸ਼ ਦੇ SC ਭਾਈਚਾਰੇ ਦੀ ਅਗਵਾਈ ਕੀਤੀ। ਇਸ ਵਿੱਚ ਉਨ੍ਹਾਂ ਨੇ ਪਿਛਲੇ ਦੋ ਹਜ਼ਾਰ ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਬਾਰ SC ਵਰਗ ਨੂੰ ਸਾਰੇ ਅਧਿਕਾਰ ਲੈ ਕੇ ਦਿੱਤੇ।
ਬਾਬਾਸਾਹਿਬ ਨੇ SC ਭਾਈਚਾਰੇ ਖਿਲਾਫ ਹੋਏ ਜਾਤੀ ਵਿਤਕਰੇ ਖਿਲਾਫ ਸੰਘਰਸ਼ ਜਾਰੀ ਰੱਖਿਆ ਅਤੇ 1936 ਵਿੱਚ ਆਪਣੀ ਚਰਚਿਤ ਕਿਤਾਬ, “Annihilation of Caste” ਵਿੱਚ ਕਿਹਾ ਕਿ ਦੇਸ਼ ਅਤੇ ਦੁਨੀਆ ਦਾ ਇਤਿਹਾਸ, ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਮਾਜਕ ਅਤੇ ਧਾਰਮਿਕ ਇਨਕਲਾਬ ਤੋਂ ਬਾਅਦ ਹੀ ਰਾਜਨੀਤਿਕ ਇਨਕਲਾਬ ਆਉਂਦੇ ਹਨ।
ਗੋਲਮੇਜ ਕਾਨਫਰੰਸਾਂ ਵਿੱਚ ਉਨ੍ਹਾਂ ਨੇ ਆਪਣੇ ਲੋਕਾਂ ਨੂੰ ਰਾਜਨੀਤਿਕ ਅਧਿਕਾਰ ਵੀ ਲੈ ਕੇ ਦਿੱਤੇ ਸਨ। ਅੰਗਰੇਜ਼ਾਂ ਨੇ 1937 ਦੀਆਂ ਵਿਧਾਨ ਸਭਾ ਚੋਣਾਂ ਵਿੱਚ SC ਭਾਈਚਾਰੇ ਨੂੰ ਵੋਟ ਪਾਉਣ ਦਾ ਅਤੇ ਰਾਜ ਕਰਨ ਦਾ ਅਧਿਕਾਰ ਦਿੱਤਾ। ਬਾਬਾਸਾਹਿਬ ਨੇ ਆਪਣੇ ਲੋਕਾਂ ਨੂੰ ਸਿਰਫ਼ ਵੋਟ ਪਾਉਣ ਵਾਲੇ ਹੀ ਨਹੀਂ ਬਲਕਿ ਕੰਨੂਨ ਬਨਾਉਣ ਵਾਲੇ ਅਤੇ ਰਾਜ ਕਰਨ ਵਾਲੀ ਕੌਮ ਬਨਾਉਣ ਲਈ ਰਾਜਨੀਤੀ ਵਿੱਚ ਵੀ ਹਿੱਸਾ ਲਿਆ। Independent Labour Party ਬਣਾਈ ਅਤੇ ਚੋਣਾਂ ਲੜੀਆਂ। ਉਹ ਆਪ ਵੀ ਸਾਂਗਲੀ ਤੋਂ ਚੋਣ ਲੜੇ ਅਤੇ ਜਿੱਤ ‘ਕੇ ਮਹਾਰਾਸ਼ਟਰ ਦੀ ਵਿਧਾਨ ਸਭਾ ‘ਚ ਪਹੁੰਚੇ।
ਲੇਕਿਨ ਇਸ ਸਾਰੇ ਸੰਘਰਸ਼ ਦੌਰਾਨ, ਉਨ੍ਹਾਂ ਨੇ ਆਪਣੇ ਆਪ ਨੂੰ ਕਦੇ ਵੀ ਸਮਾਜਕ ਕੰਮਾਂ ਤੋਂ ਦੂਰ ਨਹੀਂ ਹੋਣ ਦਿੱਤਾ। ਸਨ 1945 ਵਿੱਚ ਉਨ੍ਹਾਂ ਨੇ People’s Education Society ਦੀ ਨੀਂਹ ਰੱਖੀ। ਇਸ ਵੱਲੋਂ ਉਨ੍ਹਾਂ ਨੇ ਮੁੰਬਈ ਵਿਖੇ “ਸਿਧਾਰਥ ਕਾਲਜ” ਅਤੇ ਔਰੰਗਾਬਾਦ ਵਿਖੇ “ਮਿਲਿੰਦ ਕਾਲਜ” ਬਣਾਇਆ।
SC ਭਾਈਚਾਰੇ ਨਾਲ ਧਾਰਮਿਕ ਪਛਾਣ ਦਾ ਵੀ ਮਸਲਾ ਜੁੜਿਆ ਹੋਇਆ ਸੀ, ਇਸ ਕਰਕੇ ਉਨ੍ਹਾਂ ਨੇ ਹਿੰਦੂ ਧਰਮ ਛੱਡਣ ਦਾ ਐਲਾਨ 1935 ਵਿੱਚ ਹੀ ਕਰਤਾ ਸੀ।
ਕਾਫੀ ਸੋਚ ਵਿਚਾਰ ਅਤੇ ਸਾਰਿਆਂ ਹੀ ਧਰਮਾਂ ਦੀ ਖੋਜ ਕਰਨ ਦੇ ਬਾਅਦ ਉਨ੍ਹਾਂ ਨੇ ਭਾਰਤ ਦੇ ਹੀ ਬੁੱਧ ਧੱਮ ਨੂੰ ਅਪਨਾਉਣ ਦਾ ਫੈਸਲਾ ਕੀਤਾ। ਭਾਰਤ ਨੂੰ ਬੁੱਧਮਈ ਬਨਾਉਣ ਲਈ ਵੀ ਉਨ੍ਹਾਂ ਨੇ ਇੱਕ ਸੰਸਥਾ, Buddhist Society of India ਦੀ ਸ਼ੁਰੂਆਤ 1955 ਵਿੱਚ ਕੀਤੀ।
ਇਸ ਤਰ੍ਹਾਂ ਅਸੀਂ ਵੇਖ ਸਕਦੇ ਹਾਂ ਕਿ ਬਾਬਾਸਾਹਿਬ ਨੇ ਆਪਣੇ ਜਨਤਕ ਜੀਵਨ ਦੀ ਸ਼ੁਰੂਆਤ ਸਮਾਜਕ ਲਹਿਰ ਤੋਂ ਕੀਤੀ। ਫਿਰ ਅੱਗੇ ਚੱਲਕੇ ਉਨ੍ਹਾਂ ਨੇ ਰਾਜਨੀਤਿਕ ਅਤੇ ਧਾਰਮਿਕ ਲਹਿਰਾਂ ਵੀ ਸ਼ੁਰੂ ਕੀਤੀਆਂ।
ਲੇਕਿਨ ਅੱਜ ਬਾਬਾਸਾਹਿਬ ਦਾ ਨਾਮ ਜਿਆਦਾਤਰ ਇੱਕ ਰਾਜਨੀਤਿਕ ਆਗੂ ਦੇ ਤੌਰ ਤੇ ਹੀ ਜਾਣਿਆ ਜਾਂਦਾ ਹੈ।
ਸਨ 1949 ਵਿੱਚ ਉਨ੍ਹਾਂ ਨੇ SC ਭਾਈਚਾਰੇ ਦੀ ਸਮਾਜਕ ਲਹਿਰ ਨੂੰ ਮਜਬੂਤ ਕਰਨ ਵਾਸਤੇ, ਮੁੰਬਈ ਵਿਖੇ ਇੱਕ ਸਮਾਜਕ ਭਵਨ ਬਨਾਉਣ ਦਾ ਫੈਸਲਾ ਕੀਤਾ ਸੀ। ਇਸ ਨੂੰ ਬਨਾਉਣ ਲਈ ਉਨ੍ਹਾਂ ਨੇ ਦੇਸ਼ ਦੇ ਰਾਜਿਆਂ ਅਤੇ ਆਮ ਲੋਕਾਂ ਨੂੰ ਇੱਕ ਅਪੀਲ ਲਿਖੀ। ਇਸ ਅਪੀਲ ਨੂੰ ਪੜ੍ਹ ਕੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਦੇ ਆਗੂ ਦੇ ਤੌਰ ਤੇ ਵੇਖਿਆ ਜਾਣਾ ਪਸੰਦ ਕਰਦੇ ਸਨ। ਹੇਠਾਂ ਉਨ੍ਹਾਂ ਦੀ ਅਪੀਲ ਦਾ ਪੰਜਾਬੀ ਅਨੁਵਾਦ ਹੈ, ਜੋ ਕਿ ਉਨ੍ਹਾਂ ਦੇ ਵੋਲਯੂਮ ਵਿੱਚ ਛਪੀ ਹੈ।
“ਜੋ ਲੋਕ ਮੇਰੀਆਂ ਗਤਿਵਿਧੀਆਂ ਤੋਂ ਜਾਣੂ ਨਹੀਂ ਹਨ, ਉਨ੍ਹਾਂ ਨੂੰ ਮੇਰੇ ਸਮਾਜਕ ਲਹਿਰ ਨਾਲ ਜੁੜੇ ਇਸ ਕਦਮ ਤੇ ਹੈਰਾਨੀ ਹੋ ਰਹੀ ਹੋਵੇਗੀ। ਉਹ ਮੈਨੂੰ ਇੱਕ ਸਿਆਸਤਦਾਨ ਦੇ ਤੌਰ ਤੇ ਵੇਖਣ ਲੱਗ ਪਏ ਹਨ। ਲੇਕਿਨ ਰਾਜਨੀਤੀ ਕਦੇ ਵੀ ਮੇਰਾ ਜਨੂੰਨ ਨਹੀਂ ਰਿਹਾ। ਇਹ ਤਾਂ ਮੇਰੇ ਵੱਲੋਂ ਕਦੇ-ਕਦੇ ਕਰਨ ਵਾਲਾਂ ਕੰਮ ਰਿਹਾ ਹੈ।
ਇੱਕ ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਮੈਂ ਹਮੇਸ਼ਾ ਇਸ ਗੱਲ ਤੋਂ ਪ੍ਰਭਾਵਿਤ ਹੋਇਆ ਹਾਂ ਕਿ ਰਾਜਨੀਤਿਕ ਤਾਕਤਾਂ ਕਿਸੇ ਵੀ ਸਮਾਜ ਨੂੰ ਬਦਲਣ ਵਿੱਚ ਕੀਨੀਆਂ ਵੀ ਅਹਿਮ ਕਿਓ ਨਾ ਹੋਣ; ਸਮਾਜਕ, ਆਰਥਿਕ ਅਤੇ ਨੈਤਿਕ ਤਾਕਤਾਂ; ਰਾਜਨੀਤਿਕ ਤਾਕਤਾਂ ਨਾਲੋਂ ਕਿਤੇ ਵੀ ਵੱਧ ਅਹਿਮ ਹੁੰਦੀਆ ਹਨ। ਰਾਜਨੀਤਿਕ ਤਾਕਤ ਤਾਂ ਬੱਸ ਇੱਕ ਸਾਧਨ ਹੈ ਲੋਕਾਂ ਦੀ ਸਮਾਜਕ, ਆਰਥਿਕ ਅਤੇ ਨੈਤਿਕ ਤਬਦੀਲੀ ਵਾਸਤੇ।
ਮੈਂ ਸ਼ੁਰੂ ਤੋਂ ਹੀ ਸਮਾਜਕ ਲਹਿਰਾਂ ਉੱਪਰ ਰਾਜਨੀਤਿਕ ਲਹਿਰਾਂ ਨਾਲੋਂ ਕੀਤੇ ਵੱਧ ਜ਼ੋਰ ਦਿੱਤਾ ਹੈ। ਮੇਰੇ ਜਨਤਕ ਜੀਵਨ ਦੇ 25 ਸਾਲ ਦਾ ਬੜਾ ਹਿੱਸਾ, SC ਲੋਕਾਂ ਦੀ ਸਮਾਜਕ ਤਰੱਕੀ ਨੂੰ ਹੀ ਸਮਰਪਿਤ ਰਿਹਾ ਹੈ।
ਮੈਂ ਇਹ ਜ਼ਿਕਰ ਸਿਰਫ਼ ਇਸ ਕਰਕੇ ਕਰ ਰਿਹਾ ਹਾਂ ਕਿ ਮੇਰੀ ਛਵੀ ਬਣ ਗਈ ਹੈ ਕਿ ਮੈਂ ਸਿਰਫ਼ ਇੱਕ ਸਿਆਸਤਦਾਨ ਹਾਂ। ਜੋ ਕਿ ਇੱਕ ਗਲਤ ਧਾਰਨਾ ਹੈ।”
ਬਾਬਾਸਾਹਿਬ ਅੰਬੇਡਕਰ
ਬਾਬਾਸਾਹਿਬ ਦੇ ਤਿੰਨ ਮਸ਼ਹੂਰ ਨਾਰੇ, “Educate, Agitate, Organize” ਵਿੱਚ ਵੀ ਸਭ ਤੋਂ ਪਹਿਲਾਂ ਨਾਰਾ “Educate” ਹੀ ਸੀ।
ਸਤਵਿੰਦਰ ਮਦਾਰਾ
1 November 2024