ਬਾਬਾਸਾਹਿਬ ਅੰਬੇਡਕਰ ਨੇ 1920 ਤੋਂ ਮਹਾਰਾਸ਼ਟਰ ਵਿਖੇ ਆਪਣੇ ਲੋਕਾਂ ਲਈ ਸੰਘਰਸ਼ ਸ਼ੁਰੂ ਕੀਤਾ।
ਜਲਦ ਹੀ ਉਨ੍ਹਾਂ ਦੀ ਇਮਾਨਦਾਰੀ, ਵਿਦਵਤਾ ਅਤੇ ਤਿਆਗ ਨੇ ਉਨ੍ਹਾਂ ਨੂੰ ਪੂਰੇ ਦੇਸ਼ ਦੇ SC ਭਾਈਚਾਰੇ ਦੇ ਆਗੂ ਦੇ ਤੌਰ ਤੇ ਸਥਾਪਿਤ ਕਰ ਦਿੱਤਾ।
ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ SC ਲੋਕ, ਉਨ੍ਹਾਂ ਦਾ ਸਾਥ ਦੇਣ ਲਈ ਅੱਗੇ ਆਏ; ਪੰਜਾਬ ਉਨ੍ਹਾਂ ਵਿੱਚੋਂ ਇੱਕ ਮੋਹਰੀ ਸੂਬਾ ਬਣਕੇ ਉਭਰਿਆ।
ਜਦੋਂ 1930 ਦੀਆਂ ਗੋਲਮੇਜ ਕਾਨਫਰੰਸਾਂ ਲੰਦਨ ਵਿਖੇ ਹੋਈਆਂ ਤਾਂ SC ਲੋਕਾਂ ਦੀ ਅਗਵਾਈ ਕਰਨ ਦੇ ਲਈ ਬਾਬਾਸਾਹਿਬ ਓਥੇ ਪਹੁੰਚੇ।
ਉਸ ਸਮੇਂ ਗਾਂਧੀ ਜੀ ਨੇ ਇਹ ਦਾਵਾ ਕੀਤਾ ਕਿ ਉਹ ਪੂਰੇ ਹਿੰਦੂਆਂ ਦੇ ਆਗੂ ਹਨ ਅਤੇ ਕਿਓਂਕੀ SC ਭਾਈਚਾਰਾ ਵੀ ਹਿੰਦੂਆਂ ਦਾ ਹੀ ਹਿੱਸਾ ਹੈ, ਇਸ ਕਰਕੇ ਇਨ੍ਹਾਂ ਦੇ ਆਗੂ ਵੀ ਉਹ ਹੀ ਹਨ ਨਾ ਕਿ ਬਾਬਾਸਾਹਿਬ ਅੰਬੇਡਕਰ।
ਜਦੋਂ ਇਹ ਗੱਲ ਭਾਰਤ ਪਹੁੰਚੀ ਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ SC ਲੋਕਾਂ ਨੇ ਵੱਡੀ ਗਿਣਤੀ ਵਿੱਚ ਤਾਰਾਂ ਲੰਦਨ ਘੱਲੀਆਂ ਅਤੇ ਇਹ ਐਲਾਨ ਕੀਤਾ ਕਿ ਉਨ੍ਹਾਂ ਦੇ ਸੱਚੇ ਆਗੂ ਬਾਬਾਸਾਹਿਬ ਅੰਬੇਡਕਰ ਹਨ ਨਾ ਕਿ ਗਾਂਧੀ ਜੀ। ਇਨ੍ਹਾਂ ਤਾਰਾਂ ਵਿੱਚ ਵੱਡੀ ਗਿਣਤੀ ਪੰਜਾਬ ਵਿੱਚੋਂ ਗਈਆਂ ਸਨ।
ਜਦੋਂ ਬਾਬਾਸਾਹਿਬ ਨੇ ਗੋਲਮੇਜ ਕਾਨਫਰੰਸ ਵਿੱਚ ਆਪਣੇ ਲੋਕਾਂ ਦੇ ਹੱਕਾਂ ਲਈ ਆਵਾਜ਼ ਚੁੱਕੀ ਤਾਂ ਅੰਗਰੇਜ਼ ਅਤੇ ਭਾਰਤ ਵਿੱਚੋਂ ਗਏ ਆਗੂਆਂ ਨੇ ਉਨ੍ਹਾਂ ਦੀ ਗੱਲ ਨਾਲ ਸਹਿਮਤੀ ਜਤਾਈ।
ਬਾਬਾਸਾਹਿਬ ਦੀ ਮੰਗ ਨੂੰ ਮੰਨਦੇ ਹੋਏ ਅੰਗਰੇਜ਼ਾਂ ਨੇ ਮੁਸਲਮਾਨਾਂ, ਸਿੱਖਾਂ ਅਤੇ ਹੋਰ ਘੱਟਗਿਣਤੀਆਂ ਵਾਂਗ ਹੀ SC ਭਾਈਚਾਰੇ ਨੂੰ ਵੀ ਵੱਖਰੇ ਚੋਣ ਹਲਕੇ ਅਤੇ ਵੋਟਾਂ ਦਾ ਅਧਿਕਾਰ ਦਿੱਤਾ। ਲੇਕਿਨ ਗਾਂਧੀ ਜੀ ਨੇ ਇਸ ਦੇ ਖਿਲਾਫ ਮਰਨ ਵਰਤ ਰੱਖ ਦਿੱਤਾ। ਉਨ੍ਹਾਂ ਇਹ ਮੰਗ ਕੀਤੀ ਕਿ SC ਭਾਈਚਾਰਾਂ ਹਿੰਦੂਆਂ ਦਾ ਹੀ ਹਿੱਸਾ ਹੈ ਅਤੇ ਇਸ ਕਰਕੇ ਉਨ੍ਹਾਂ ਨੂੰ ਵੱਖਰੀਆਂ ਸੀਟਾਂ ਅਤੇ ਵੋਟ ਦਾ ਅਧਿਕਾਰ ਨਹੀਂ ਮਿਲਣਾ ਚਾਹੀਦਾ ਹੈ।
ਉਨ੍ਹਾਂ ਨੇ ਬਾਬਾਸਾਹਿਬ ਦੇ ਦਬਾਵ ਪਾਇਆ ਅਤੇ ਮਜਬੂਰ ਹੋਕੇ ਉਨ੍ਹਾਂ ਨੂੰ ਪੂਨਾ ਪੈਕਟ ਤੇ ਦਸਤਖਤ ਕਰਨੇ ਪਏ। ਲੇਕਿਨ ਜੇੜਾ ਵੱਖਰੇ ਵੋਟ ਅਤੇ ਸੀਟਾਂ ਦਾ ਅਧਿਕਾਰ SC ਲੋਕਾਂ ਨੂੰ ਮਿਲਿਆ ਸੀ ਉਸ ਵਿੱਚ ਪੰਜਾਬ ਦੇ SC ਲੋਕਾਂ ਨੂੰ ਕੋਈ ਵੱਖਰੀਆਂ ਸੀਟਾਂ ਨਹੀਂ ਸੀ ਦਿੱਤੀਆਂ ਗਈਆਂ। ਲੇਕਿਨ ਪੂਨਾ ਪੈਕਟ ਵਿੱਚ ਬਾਬਾਸਾਹਿਬ ਨੇ ਪੰਜਾਬ ਦੇ SC ਭਾਈਚਾਰੇ ਨੂੰ 8 ਸੀਟਾਂ ਲੈਕੇ ਦਿੱਤੀਆਂ। ਜਦੋਂ 1937 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਪਹਿਲੀ ਬਾਰ 8 SC ਵਿਧਾਇਕ ਜਿੱਤ ਕੇ ਲਾਹੌਰ ਦੀ ਵਿਧਾਨਸਭਾ ਵਿੱਚ ਪਹੁੰਚੇ।
1942 ਵਿੱਚ ਜਦੋਂ ਨਾਗਪੁਰ ਵਿਖੇ ਬਾਬਾਸਾਹਿਬ ਨੇ ਪੂਰੇ ਦੇਸ਼ ਦੇ SC ਲੋਕਾਂ ਨੂੰ ਇੱਕਜੁੱਟ ਕਰਨ ਦੇ ਲਈ ਕਾਨਫਰੰਸ ਬੁਲਾਈ ਤਾਂ ਉਸ ਵਿੱਚ ਵੀ ਪੰਜਾਬ ਤੋਂ ਸੇਠ ਕਿਸ਼ਨ ਦਾਸ, ਚਰਨ ਦਾਸ ਨਿਧੜਕ, ਗੋਪਾਲ ਸਿੰਘ ਅਤੇ ਕੁਝ ਹੋਰ ਆਗੂ ਵੀ ਸ਼ਾਮਿਲ ਹੋਏ ਸਨ।
ਜਦੋਂ ਬਾਬਾਸਾਹਿਬ ਅੰਬੇਡਕਰ ਨੇ ਸੰਵਿਧਾਨ ਸਭਾ ਵਿੱਚ ਪਹੁੰਚਣ ਦੇ ਲਈ ਕੋਲਕਾਤਾ, ਬੰਗਾਲ ਵਿੱਚੋਂ ਕਾਗਜ ਭਰੇ ਤਾਂ ਉਹ ਸਹਿਯੋਗ ਵਾਸਤੇ ਪੰਜਾਬ ਦੇ SC ਲੋਕਾਂ ਦੇ ਮੁਹੱਲੇ ਚਾਰ ਨੰਬਰ ਵਿਖੇ ਗੁਰੂ ਰਵਿਦਾਸ ਮੰਦਿਰ ਵਿਖੇ ਵੀ ਪਹੁੰਚੇ। ਐਥੇ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਚਮੜਾ ਰੰਗਣ ਦੀਆਂ ਟੈਨਰੀਆਂ ਚਲਾਉਂਦੇ ਸਨ। ਬਾਬਾਸਾਹਿਬ ਨੂੰ ਕੋਲਕਾਤਾ ਦੀ ਵਿਧਾਨ ਸਭਾ ਵਿੱਚੋਂ ਜੀਤਵਾਂ ਕੇ ਦਿੱਲੀ ਦੀ ਸੰਵਿਧਾਨ ਸਭਾ ਵਿੱਚ ਪਹੁੰਚਾਉਣ ਵਿੱਚ ਪੰਜਾਬ ਦੇ ਕੋਲਕਾਤਾ ਦੇ ਚਾਰ ਨੰਬਰ ਵਿਖੇ ਵੱਸਦੇ ਲੋਕਾਂ ਨੇ ਅਹਿਮ ਭੂਮਿਕਾ ਨਿਭਾਈ।
ਪੰਜਾਬ ਵਿੱਚ 1901 ਵਿੱਚ Punjab Land Alienation Act ਬਣਿਆ ਸੀ, ਜਿਸ ਕਰਕੇ SC ਲੋਕ ਜ਼ਮੀਨ ਦੀ ਆਪਣੇ ਨਾਮ ਤੇ ਰਜਿਸਟ੍ਰੀ ਨਹੀਂ ਕਰਵਾ ਸਕਦੇ ਸਨ। ਜਦੋਂ ਬਾਬਾਸਾਹਿਬ ਦੇਸ਼ ਦੇ ਪਹਿਲੇ ਕਨੂੰਨ ਮੰਤਰੀ ਬਣੇ, ਉਨ੍ਹਾਂ ਨੇ ਇਸ ਕਨੂੰਨ ਨੂੰ ਸੰਵਿਧਾਨ ਦੇ ਬੁਨਿਆਦੀ ਨਿਜਮਾਂ ਦੇ ਖਿਲਾਫ ਹੋਣ ਕਰਕੇ ਖਾਰਿਜ ਕਰ ਦਿੱਤਾ। ਇਸ ਤਰ੍ਹਾਂ ਪੰਜਾਬ ਵਿੱਚ ਪਹਿਲੀ ਬਾਰ SC ਲੋਕਾਂ ਦੇ ਨਾਮ ਜ਼ਮੀਨ ਦੀਆਂ ਰਜਿਸਟ੍ਰੀਆਂ ਹੋਣੀਆਂ ਸ਼ੁਰੂ ਹੋਈਆਂ।
ਜਦੋਂ 1952 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਤਾਂ ਉਸ ਦੀ ਮੁਹਿੰਮ ਦੀ ਸ਼ੁਰੂਆਤ ਵੀ ਬਾਬਾਸਾਹਿਬ ਨੇ ਪੰਜਾਬ ਤੋਂ ਹੀ ਕੀਤੀ ਸੀ।
ਪੰਜਾਬ Scheduled Caste Federation ਦੇ ਪ੍ਰਧਾਨ ਸੇਠ ਕਿਸ਼ਨ ਦਾਸ ਦੀ ਅਗਵਾਈ ਵਿੱਚ 27 ਅਕਟੂਬਰ 1951 ਨੂੰ ਬੂਟਾ ਮੰਡੀ, ਜਲੰਧਰ ਵਿਖੇ ਇੱਕ ਇਤਿਹਾਸਕ ਰੈਲੀ ਹੋਈ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਦੇ SC ਭਾਈਚਾਰੇ ਨੇ ਸ਼ਾਮਿਲ ਹੋਕੇ ਬਾਬਾਸਾਹਿਬ ਦੇ ਵਿਚਾਰ ਸੁਣੇ ਅਤੇ ਉਨ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਬਾਬਾਸਾਹਿਬ ਨੇ 28 ਅਕਟੂਬਰ ਨੂੰ ਲੁਧਿਆਣਾ ਅਤੇ 29 ਅਕਟੂਬਰ ਨੂੰ ਪਟਿਆਲਾ ਵਿਖੇ ਵੀ ਰੈਲੀਆਂ ਨੂੰ ਸੰਬੋਧਨ ਕੀਤਾ।
ਮਹਾਰਾਸ਼ਟਰ ਤੋਂ ਬਾਅਦ ਬਾਬਾਸਾਹਿਬ ਦੇ ਸਭ ਤੋਂ ਨਜ਼ਦੀਕੀ ਰਹੇ ਸਾਥੀਆਂ ਵਿੱਚ ਵੀ ਪੰਜਾਬ ਦੇ SC ਭਾਈਚਾਰੇ ਦੇ ਲੋਕ ਰਹੇ।
ਇਨ੍ਹਾਂ ਵਿੱਚ ਨਾਨਕ ਚੰਦ ਰੱਤੁ, ਸੋਹਣ ਲਾਲ ਸ਼ਾਸ਼ਤਰੀ, ਭਗਵਾਨ ਦਾਸ, ਡੀ.ਸੀ. ਅਹੀਰ, ਸੰਤ ਰਾਮ BA, ਆਦਿ ਕਈ ਨਾਮ ਸਨ।
ਇਸ ਦੇ ਅਲਾਵਾ ਪੰਜਾਬ ਤੋਂ ਵੀ ਲੋਕ ਲਗਾਤਾਰ ਬਾਬਾਸਾਹਿਬ ਨੂੰ ਮਿਲਣ ਦਿੱਲੀ ਜਾਇਆ ਕਰਦੇ ਸਨ ਅਤੇ ਉਨ੍ਹਾਂ ਦੇ ਸਮਪਰਕ ਵਿੱਚ ਸਨ। ਇਨ੍ਹਾਂ ਵਿੱਚ ਬੂਟਾਂ ਮੰਡੀ ਦੇ ਸੇਠ ਕਿਸ਼ਨ ਦਾਸ, ਪ੍ਰੀਤਮ ਰਾਮਦਾਸਪੁਰੀ, ਬਾਬਾ ਬ੍ਰਹਮ ਦਾਸ, ਗੋਪਾਲ ਸਿੰਘ, ਚਰਨ ਦਾਸ ਨਿਧੜਕ, ਡਾੱ.ਆਰ.ਐਲ.ਸੋਨੀ, ਕੇ.ਸੀ.ਸੁਲੇਖ, ਆਦਿ ਕਈ ਲੋਕ ਸਨ।
6 ਦਿਸੰਬਰ ਨੂੰ ਬਾਬਾਸਾਹਿਬ ਅੰਬੇਡਕਰ ਦੇ ਪਰਿਨਿਰਵਾਣ ਦੇ ਬਾਅਦ ਜਦੋਂ ਉਨ੍ਹਾਂ ਵੱਲੋਂ ਬਣਾਈ ਗਈ RPI ਪਾਰਟੀ ਉੱਠੀ ਤਾਂ ਫਿਰ ਪੰਜਾਬ ਨੇ ਉਸ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਵਿੱਚ ਵੀ ਪੰਜਾਬ ਤੋਂ ਅਨੇਕਾਂ ਹੀ ਆਗੂਆਂ, ਲਿਖਾਰੀਆਂ, ਗਾਇਕਾਂ, ਆਦਿ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਕਿਓਂਕੀ ਪੰਜਾਬ ਦੇਸ਼ ਦੇ ਉਨ੍ਹਾਂ ਗਿਣਵੀਆਂ ਸੂਬਿਆਂ ਵਿੱਚੋਂ ਹੈ, ਜਿੱਥੋਂ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਵਿੱਚ ਜਾਂ ਕੇ ਬਸੇ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ SC ਭਾਈਚਾਰੇ ਵਿੱਚੋਂ ਵੀ ਹੈ। ਬਾਬਾਸਾਹਿਬ ਦੇ ਮਿਸ਼ਨ ਨੂੰ ਦੇਸ਼ ਤੋਂ ਬਾਹਰ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਜਾਣ ਦਾ ਮਾਣ ਵੀ ਪੰਜਾਬ ਦੇ ਅੰਬੇਡਕਰੀਆਂ ਨੂੰ ਹੀ ਹਾਸਿਲ ਹੈ।
1970 ਦੇ ਦਹਾਕੇ ਵਿੱਚ ਜਦੋਂ ਬਾਬਾਸਾਹਿਬ ਦੀ ਲਹਿਰ ਦਾ ਮਹਾਰਾਸ਼ਟਰ ਅਤੇ ਦੇਸ਼ ਪੱਧਰ ਤੇ ਨਿਘਾਰ ਹੋਣਾ ਸ਼ੁਰੂ ਹੋਇਆ ਤਾਂ ਇਸਨੂੰ ਫਿਰ ਦੁਬਾਰਾ ਲੀਹਾਂ ਤੇ ਲਿਆਉਣ ਦੀ ਜਿੰਮੇਵਾਰੀ ਵੀ ਪੰਜਾਬ ਦੇ ਹੀ ਜੰਮਪਲ ਸਾਹਿਬ ਕਾਂਸ਼ੀ ਰਾਮ ਨੇ ਆਪਣੇ ਮੋਢਿਆ ਤੇ ਚੁੱਕੀ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਲਹਿਰ ਨਾਲ ਬਾਬਾਸਾਹਿਬ ਇੱਕ ਬਾਰ ਫਿਰ ਪੂਰੇ ਦੇਸ਼ ਅਤੇ ਖਾਸਕਰ ਉੱਤਰ ਭਾਰਤ ਦੇ ਲੋਕਾਂ ਦੇ ਜ਼ੁਬਾਨ ਤੇ ਚੜ੍ਹੇ।
ਇਸ ਤਰ੍ਹਾਂ ਅਸੀਂ ਵੇਖ ਸਕਦੇ ਹਾਂ ਕਿ ਬਾਬਾਸਾਹਿਬ ਦੇ ਸਮੇਂ ਤੋਂ ਹੀ ਪੰਜਾਬ ਨੇ ਉਨ੍ਹਾਂ ਦੀ ਲਹਿਰ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਇੱਕ ਅਹਿਮ ਭੂਮਿਕਾ ਨਿਭਾਈ।
ਅੱਜ ਵੀ ਪੰਜਾਬ ਨੂੰ ਬਾਬਾਸਾਹਿਬ ਦੀ ਲਹਿਰ ਦਾ ਇੱਕ ਮਜਬੂਤ ਥੰਮ ਮੰਨਿਆ ਜਾਂਦਾ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਪਣੀ ਇਸ ਜਿੰਮੇਵਾਰੀ ਨੂੰ ਹੋਰ ਵੀ ਮਜਬੂਤੀ ਨਾਲ ਨਿਭਾਏਗਾ।
ਸਤਵਿੰਦਰ ਮਦਾਰਾ
8 November 2024