“ਜੇ ਤੇਰੇ ਕੋਲ ਨਾ ਗਿਆਨ ਹੈ ਨਾ ਹੀ ਸਿੱਖਿਆ ਹੈ,
ਅਤੇ ਤੂੰ ਇਸ ਲਈ ਤਰਸਦਾ ਵੀ ਨਹੀਂ,
ਤੇਰੇ ਕੋਲ ਅਕਲ ਹੈ ਪਰ ਤੂੰ ਉਸਤੇ ਕੰਮ ਨਹੀਂ ਕਰਦਾ,
ਫਿਰ ਤੈਨੂੰ ਕਿਵੇਂ ਇੱਕ ਮਨੁੱਖ ਕਿਹਾ ਜਾ ਸਕਦਾ ਹੈ?”
ਇਹ ਕ੍ਰਾਂਤੀਸ਼ੀਲ ਵਿਚਾਰ 3 ਜਨਵਰੀ, 1831 ਨੂੰ ਲਕਸ਼ਮੀਬਾਈ ਤੇ ਖੰਡੋਜੀ ਨੇਵਸੇ ਦੇ ਘਰ ਮਹਾਂਰਾਸ਼ਟਰ ਦੇ ਇੱਕ ਛੋਟੇ ਜਿਹੇ ਪਿੰਡ ਨਏਗਾਂਵ ਵਿੱਚ ਪੈਦਾ ਹੋਣ ਵਾਲੀ ਲੜਕੀ, ਸਾਵਿੱਤਰੀ ਬਾਈ ਦੇ ਹਨ। ਜਿੱਥੇ ਇੱਕ ਔਰਤ ਨੂੰ ਮਨੁੱਖੀ ਦਰਜੇ ਤੋਂ ਕੋਹਾਂ ਦੂਰ ਰੱਖਿਆ ਗਿਆ, ਉਸਦੇ ਜੀਣ ਦੇ ਤੌਰ ਤਰੀਕਿਆਂ ਨੂੰ ਧਾਰਮਿਕ ਜਾਮਾ ਪਹਿਨਾ ਕੇ ਪੇਸ਼ ਕੀਤਾ ਗਿਆ ਸੀ।
ਔਰਤ ਨੂੰ ਬੰਦੇ ਦਾ ਗ਼ੁਲਾਮ ਬਨਾਉਣ ਲਈ ਧਰਮ ਨੂੰ ਆਧਾਰ ਬਣਾਕੇ ਇਹ ਕਿਹਾ ਗਿਆ ਕਿ, “ਔਰਤ ਹਮੇਸ਼ਾ ਖੁਸ਼ ਰਹੇ, ਆਪਣੇ ਘਰ ਦੇ ਕੰਮ ਵਿੱਚ ਯੋਗ ਹੋਵੇ ਅਤੇ ਆਪਣੇ ਪਤੀ ਦੀ ਸੇਵਾ ਵਿੱਚ ਸੰਤੁਸ਼ਟ ਰਹੇ। ਦਿਨ ਤੇ ਰਾਤ ਔਰਤਾਂ ਨੂੰ ਆਪਣੀ ਸੁਰੱਖਿਆ ਦੇ ਅਧੀਨ ਰੱਖਣਾ ਚਾਹੀਦਾ ਹੈ, ਉਹਨਾਂ ਨੂੰ ਕਦੇ ਵੀ ਸੁਤੰਤਰਤਾ ਨਹੀਂ ਮਿਲਣੀ ਚਾਹੀਦੀ।” ਔਰਤ ਨੂੰ ਮਨੁੱਖੀ ਕਤਾਰ ਵਿੱਚੋਂ ਹੀ ਬਾਹਰ ਧਕੇਲ ਕੇ ਘਰ ਦੀ ਚਾਰਦੀਵਾਰੀ ਵਿੱਚ “ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ, ਇਹ ਸਭ ਤਾੜਨ ਕੇ ਅਧਿਕਾਰੀ” ਖੁਦਵਾ ਕੇ ਜਿੰਦਰਾ ਮਾਰ ਦਿੱਤਾ।
ਔਰਤ ਦੇ ਇਹਨਾਂ ਤਰਸਯੋਗ ਹਾਲਾਤਾਂ ਵਿੱਚ 9 ਸਾਲ ਦੀ ਸਾਵਿੱਤਰੀ ਬਾਈ ਦਾ ਵਿਆਹ 13 ਸਾਲ ਦੇ ਜੋਤੀਰਾਉ ਫੂਲੇ ਨਾਲ ਹੋਇਆ। ਸਮਾਜਿਕ ਰੂੜ੍ਹੀਵਾਦੀ ਸੋਚ ਲੈ ਕੇ ਸਾਵਿੱਤਰੀ ਬਾਈ ਜੋਤੀਰਾਉ ਫੂਲੇ ਦੇ ਘਰ ਆਈ ਤੇ ਜੀਅ-ਜਾਨ ਨਾਲ ਪਤੀ ਦੀ ਸੇਵਾ ਕੀਤੀ ਤੇ ਘਰ ਨੂੰ ਜੋੜਿਆ।
ਜੋਤੀਰਾਉ ਫੂਲੇ; ਤਥਾਗਤ ਗੌਤਮ ਬੁੱਧ, ਸੰਤ ਕਬੀਰ, ਸੰਤ ਏਕਨਾਥ, ਸੰਤ ਗਾਡਗੇ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਤੇ ਜਾਤ-ਪਾਤ ਦੇ ਭਾਰ ਢੋਅ ਰਹੇ ਲਿਤਾੜੇ ਲੋਕਾਂ ਨੂੰ ਭਾਰ-ਮੁਕਤ ਹੋ ਕੇ ਆਪਣੇ ਹੱਕਾਂ ਲਈ ਲੜਨ ਤੇ ਔਰਤਾਂ ਨੂੰ ਮਨੁੱਖੀ ਅਧਿਕਾਰ ਦਿਵਾਉਣ ਵਿੱਚ ਲੱਗੇ ਹੋਏ ਸਨ। ਫੂਲੇ ਜੀ ਨੇ ਪੜ੍ਹ ਕੇ ਇਹ ਜਾਣ ਲਿਆ ਸੀ ਕਿ ਉੱਚੀ ਜਾਤ ਵਾਲੇ ਨੀਵੀਂ ਜਾਤ ਵਾਲਿਆਂ ਨੂੰ ਬਾਰੂਦ ਸਮਝਦੇ ਨੇ ਤੇ ਵਿੱਦਿਆ ਨੂੰ ਚੰਗਿਆੜੀ। ਉਹਨਾਂ ਨੂੰ ਪੂਰਾ ਯਕੀਨ ਹੈ ਕਿ ਜਿਸ ਦਿਨ ਚੰਗਿਆੜੀ ਬਾਰੂਦ ਵਿੱਚ ਡਿੱਗੀ ਤਾਂ ਵਿਸਫੋਟ ਦਾ ਪਹਿਲਾ ਨਿਸ਼ਾਨਾ ਉੱਚੀ ਜਾਤ ਵਾਲੇ ਤੇ ਉਹਨਾਂ ਦੀ ਜਾਤੀ ਸੌੜੀ ਮਾਨਸਿਕਤਾ ਹੋਵੇਗੀ। ਗਿਆਨ ਦੇ ਦੀਵੇ ਬਾਲਣ ਲਈ ਫੂਲੇ ਜੀ ਨੇ ਲੜਕੀਆਂ ਤੇ ਹਾਸ਼ੀਆ-ਗ੍ਰਸਤ ਲੋਕਾਂ ਲਈ 1848 ਵਿਚ ਪੁਣੇ ਵਿਖੇ ਪਹਿਲਾ ਸਕੂਲ ਖੋਲਿਆ ।
“ਜਿਹੜੇ ਲੋਕ ਪਹਿਲ ਕਰਦੇ ਹਨ, ਉਹੀ ਭਵਿੱਖ ਨਿਰਮਾਣ ਕਰਦੇ ਹਨ”
ਫੂਲੇ ਜੀ ਨੇ ਆਪਣੀ ਜੀਵਨ ਸਾਥੀ ਸਾਵਿੱਤਰੀ ਨੂੰ ਧਾਰਮਿਕ ਰਵਾਇਤਾਂ ਦੇ ਉਲਟ ਅਹਿਸਾਸ ਦਿਵਾਇਆ ਕਿ ਕਠਪੁਤਲੀ ਵੀ ਤੂੰ ਏ ਤੇ ਡੋਰ ਵੀ ਤੇਰੇ ਹੱਥ ਹੀ ਹੈ। ਇਸ ਉਦੇਸ਼ ਤਹਿਤ ਫੂਲੇ ਜੀ ਨੇ ਆਪਣੀ ਜੀਵਨ ਸਾਥਣ ਨੂੰ ਘਰ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਉਸ ਸਮੇਂ ਰੂੜ੍ਹੀਵਾਦੀ ਪ੍ਰਚੰਡ ਲੋਕਾਂ ਲਈ ਔਰਤ ਦੇ ਪੜ੍ਹਨ ਤੇ ਪੜ੍ਹਾਉਣ ਦਾ ਵਿਚਾਰ ਧਾਰਮਿਕ – ਸਮਾਜਿਕ ਰਵਾਇਤਾਂ ਨੂੰ ਭੰਗ ਕਰਨਾ ਸੀ। ਇੱਕ ਔਰਤ ਦੇ ਦ੍ਰਿਸ਼ਟੀਕੋਣ ਤੋਂ ਵੀ ਇਹ ਇੱਕ ਅਨੋਖਾ ਤੇ ਖੁੱਲਾ ਵਿਚਾਰ ਸੀ ਕਿਉਂਕਿ ਉਹ ਆਪਣੀ ਦਸ਼ਾ ਨੂੰ ਇਲਹਾਮ ਰੂਪੀ ਸੁਨੇਹਾ ਮੰਨ ਕੇ ਘਰ ਦੀਆਂ ਦੀਵਾਰਾਂ ਤੇ ਘੱਗੀਆਂ ਮੋਰਨੀਆਂ ਬਣਾ ਕੇ ਢੋਅ ਰਹੀ ਸੀ। ਪਰ ਆਪਣੇ ਵਿਸ਼ਵਾਸ ਤੇ ਤਾਕਤ ਸਦਕਾ ਫੂਲੇ ਜੀ ਨੇ ਸਾਵਿੱਤਰੀ ਬਾਈ ਨੂੰ ਪੜ੍ਹਨ ਦੀ ਚੇਟਕ ਲਾ ਦਿੱਤੀ ਤੇ ਬਾਈ ਨੂੰ ਹੁਣ ਸਿੰਗਾਰ ਦੀ ਥਾਂ ਗਿਆਨ ਦੀ ਭੁੱਖ ਪੈ ਗਈ ਸੀ। ਇੱਕ ਨਵੀਂ ਕ੍ਰਾਂਤੀ ਦਾ ਆਗਾਜ਼ ਸੀ, ਜਿਸਦੀ ਜੜ੍ਹ ਲਾ ਦਿੱਤੀ ਗਈ ਸੀ ਤੇ ਸ਼ਾਖਾਵਾਂ ਆਉਣੀਆਂ ਬਾਕੀ ਸਨ। ਇੱਕ ਹੋਰ ਨਵੇਂ ਸੰਘਰਸ਼ ਦੀ ਸ਼ੁਰੂਆਤ ਹੋਈ ਜਦੋਂ 1848 ਵਿੱਚ ਖੋਲ੍ਹੇ ਸਕੂਲ ਵਿੱਚ ਫੂਲੇ ਜੀ ਵਲੋਂ ਸਾਵਿੱਤਰੀ ਬਾਈ ਨੂੰ ਮਾਸਟਰਾਣੀ ਬਣਾਕੇ ਜਾਣ ਲਈ ਤਿਆਰ ਕੀਤਾ ਗਿਆ।
ਦੋ ਵੱਖੋਂ ਵੱਖਰੀਆਂ ਸੋਚਾਂ ਦਾ ਟਾਕਰਾ ਹੋਣ ਜਾ ਰਿਹਾ ਸੀ। ਇੱਕ ਸੋਚ ਜੋ ਔਰਤ ਨੂੰ ਉਸੇ ਤਰ੍ਹਾਂ ਬੰਧਨ ਵਿੱਚ ਰੱਖਣਾ ਚਾਹੁੰਦੀ ਹੈ, ਜਿਸ ਤਰ੍ਹਾਂ ਧਰਮ ਤੇ ਸਮਾਜ ਓਹਨਾਂ ਨੂੰ ਦੇਖਣਾ ਚਾਹੁੰਦਾ ਹੈ। ਦੂਜੇ ਪਾਸੇ ਉਹ ਉਡਾਨ ਸੀ, ਜੋ ਔਰਤ ਤੇ ਮਰਦ ਦੇ ਬਰਾਬਰ ਦੇ ਹੱਕਾਂ ਨਾਲ ਭਰੀ ਪਈ ਸੀ। ਵੀਰਾਂਗਣਾ ਸਾਵਿੱਤਰੀ ਬਾਈ ਫੂਲੇ ਬਰਾਬਰੀ ਦੀ ਉਡਾਣ ਭਰਨ ਲਈ ਤਿਆਰ ਹੋਈ, ਘਰ ਦੀ ਦਹਿਲੀਜ਼ ਟੱਪ ਕੇ ਪਹਿਲੀ ਵਾਰ ਔਰਤ ਨੇ ਲੜਕੀਆਂ ਨੂੰ ਪੜ੍ਹਾਉਣ ਦਾ ਫੈਸਲਾ ਕੀਤਾ ਸੀ । ਹੁਣ ਇਹ ਧਾਰਮਿਕ ਮੁੱਦਾ ਬਣ ਕੇ ਉੱਭਰ ਗਿਆ ਸੀ ਕਿਉਂਕਿ ਸ਼ਾਸਤਰਾਂ ਦਾ ਅਪਮਾਨ ਕੀਤਾ ਗਿਆ ਸੀ ਸਾਵਿੱਤਰੀ ਬਾਈ ਵਲੋਂ। ਬੇਅੰਖੇ ਹੋਏ ਲੋਕ ਬਦਲਾ ਲੈਣ ਲਈ ਬਾਈ ਉੱਤੇ ਪੱਥਰ ਤੇ ਗਾਰਾ ਸੁੱਟ ਰਹੇ ਸਨ ਤਾਂਕਿ ਉਹ ਕਮਜ਼ੋਰ ਪੈ ਕੇ ਘਰ ਅੰਦਰ ਹੀ ਬੈਠੀ ਰਹੇ।
ਰਿਸ਼ਤੇ ਦਾ ਮੂਲ ਬੁਨਿਆਦ ਪਿਆਰ ਤੇ ਬਰਾਬਰੀ ਹੈ। ਫੂਲੇ ਜੀ ਇਸ ਵਿਚਾਰ ਤੇ ਅੜੇ ਰਹੇ ਅਤੇ ਆਪਣੀ ਜੀਵਨ ਸਾਥੀ ਦੇ ਪੈਰ ਕਿਸੇ ਅੱਗੇ ਥਿੜ੍ਹਕਣ ਨਹੀਂ ਦਿੱਤੇ ।
ਗਿਆਨ ਦਾ ਦੀਵਾ ਸਾਵਿੱਤਰੀ ਬਾਈ ਫੂਲੇ ਅੰਦਰ ਜਗ ਗਿਆ ਸੀ। ਜਿਸਨੂੰ ਗਿਆਨ ਹੋ ਜਾਂਦਾ ਉਹ ਕਦੀ ਚੁੱਪ ਕਰਕੇ ਨਹੀਂ ਬੈਠਦਾ। ਸਾਵਿੱਤਰੀ ਬਾਈ ਦੇ ਅਡੋਲ ਵਿਚਾਰ ਸਨ –
“ਮੈਂ ਪੜ੍ਹਾਂਗੀ, ਪੜ੍ਹਾਵਾਂਗੀ ਤੇ ਧਰਮੀਉਂ ਤੁਹਾਡੇ ਪਾਖੰਡਾਂ ਨੂੰ ਨਕਾਰਾਂਗੀ।”
ਦੀਵੇ ਦੀ ਲੋਅ ਵਧਦੀ ਰਹੀ ਤੇ ਇਸ ਕ੍ਰਾਂਤੀਕਾਰੀ ਜੋੜੀ ਵਲੋਂ ਹਾਸ਼ੀਆ ਗ੍ਰਸਤ ਲੋਕਾਂ ਤੇ ਔਰਤਾਂ ਲਈ 18 ਸਕੂਲ ਖੋਲ੍ਹੇ ਗਏ, ਜਿੱਥੇ ਵਿੱਦਿਆ ਦਾ ਮਕਸਦ ਜਾਂਚਣਾ ਤੇ ਘੋਖਣਾ ਹੈ ‘ਤੇ ਜ਼ੋਰ ਦਿੱਤਾ ਗਿਆ।
ਇਸ ਤਰਾਂ ਸਾਵਿੱਤਰੀ ਬਾਈ ਫੂਲੇ, ਜੋ ਕਿ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਬਣੀ ਤੇ ਆਪਣੀ ਜ਼ਿੰਦਗੀ ਸਮਰਪਿਤ ਕਰਕੇ ਹਜ਼ਾਰਾਂ ਲੜਕੀਆਂ ਨੂੰ ਸਿਖਿੱਅਤ ਕੀਤਾ। ” ਜਦ ਔਰਤ ਨੂੰ ਆਪਣੀ ਅਸਲੀ ਅਹਿਮੀਅਤ ਦਾ ਅਹਿਸਾਸ ਹੋ ਜਾਂਦਾ ਹੈ ਤਦ ਉਸਦੀ ਲੜਾਈ, ਇੱਕ ਨਵੇਂ ਦੌਰ ਦਾ ਆਰੰਭ ਹੁੰਦੀ ਹੈ”। ਵਾਕਿਆ ਹੀ ਇਸ ਕ੍ਰਾਂਤੀਕਾਰੀ ਜੋੜੀ ਦੀ ਪਹਿਲ ਕਦਮੀ ਕਰਕੇ ਸਾਡੇ ਭਵਿੱਖ ਦਾ ਨਿਰਮਾਣ ਹੋਇਆ ਹੈ ।
ਖ਼ੂਬਸੂਰਤ ਜੋੜੀ ਲਈ ਇੱਕ ਸ਼ਿਅਰ,
“ਇੱਛਾਵਾਂ ਛੱਡਦੀਆਂ ਨੇ ਸਾਥ, ਇਰਾਦੇ ਨੀਹਾਂ ਤੱਕ ਨਿਭਾਉਂਦੇ ਨੇ;
ਸੱਧਰਾਂ ਟੁੱਟ ਵੀ ਜੇ ਜਾਣ, ਇਰਾਦੇ ਫੇਰ ਜਗਾਉਂਦੇ ਨੇ ।”
ਸਿਮਰਨ ਕ੍ਰਾਂਤੀ