ਅੱਜ ਪੰਜਾਬ ਦੇ ਪਿੰਡ ਅਤੇ ਸ਼ਹਿਰ, ਨੌਜਵਾਨਾਂ ਤੋਂ ਖਾਲੀ ਹੁੰਦੇ ਜਾ ਰਹੇ ਹਨ।
ਇਸ ਦਾ ਵੱਡਾ ਕਾਰਣ 1900 ਦੇ ਕਰੀਬ ਤੋਂ ਸ਼ੁਰੂ ਹੋਇਆ ਪਰਵਾਸ ਹੈ। ਵੱਡੀ ਗਿਣਤੀ ਵਿੱਚ ਲੋਕ ਰੋਜ਼ਗਾਰ ਵਾਸਤੇ ਯੌਰਪ, ਅਮਰੀਕਾ, ਕਨੇਡਾ ਜਾਣ ਲੱਗੇ। ਇਸ ਦੌੜ ਵਿੱਚ ਪੰਜਾਬ ਦੀਆਂ ਸਾਰੀਆਂ ਹੀ ਜਾਂਤਾਂ ਅਤੇ ਭਾਈਚਾਰਿਆਂ ਦੇ ਲੋਕ ਸ਼ਾਮਿਲ ਹੋਏ।
ਲੇਕਿਨ ਹੌਲੀ-ਹੌਲੀ, ਜਿੱਥੇ ਇਸ ਰੁਝਾਨ ਨੇ ਲੋਕਾਂ ਦੇ ਆਰਥਿਕ ਪੱਧਰ ਨੂੰ ਸੁਧਾਰਿਆਂ, ਓਥੇ ਘਰਾਂ ਨੂੰ ਸੁੰਨਸਾਨ ਵੀ ਕਰਤਾ। ਅੱਜ ਜਿਆਦਾਤਰ ਘਰਾਂ ਵਿੱਚ ਬੁਜੁਰਗ ਮਾਂ-ਬਾਪ ਯਾ ਫਿਰ ਐਸੇ ਲੋਕ ਹੀ ਰਹਿ ਗਏ ਹਨ, ਜੋ ਵਿਦੇਸ਼ ਜਾ ਨਹੀਂ ਸਕੇ।
ਕਿਸੇ ਵੀ ਸਮਾਜ ਅਤੇ ਦੇਸ਼ ਦੀ ਰੀੜ੍ਹ ਦੀ ਹੱਡੀ, ਉਸ ਦੀ ਨੌਜਵਾਨੀ ਹੁੰਦੀ ਹੈ। ਜੇਕਰ ਸ਼ਰੀਰ ਵਿੱਚੋਂ ਰੀੜ੍ਹ ਦੀ ਹੱਡੀ ਨਿਕਲ ਜਾਵੇਂ ਤਾਂ ਪੂਰਾ ਸ਼ਰੀਰ ਬੇਕਾਰ ਹੋ ਜਾਂਦਾ ਹੈ।
ਇਹੋ ਜਿਹੇ ਹਾਲਾਤਾਂ ਵਿੱਚ ਇਹ ਬਹਿਸ ਹੁਣ ਤੇਜ ਹੋ ਗਈ ਹੈ ਕਿ ਪੰਜਾਬ ਵਿੱਚੋਂ ਐਨੀ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਜਾਂ ਰਹੇ ਬੱਚੇ, ਸਾਡੇ ਭਵਿੱਖ ਲਈ ਸਹੀ ਹੈ ਯਾ ਫਿਰ ਗਲਤ ?
ਇਸ ਸਵਾਲ ਉੱਪਰ ਅਸੀਂ ਬਾਬਾਸਾਹਿਬ ਅੰਬੇਡਕਰ ਦੇ ਜੀਵਨ ਤੋਂ ਬਹੁਤ ਕੁੱਝ ਸਿੱਖ ਸਕਦੇ ਹਾਂ ਅਤੇ ਇਸ ਮਸਲੇ ਦਾ ਹੱਲ ਵੀ ਲੱਭ ਸਕਦੇ ਹਾਂ।
ਬਾਬਾਸਾਹਿਬ ਅੰਬੇਡਕਰ 1913 ਵਿੱਚ ਅਮਰੀਕਾ ਦੀ ਮਸ਼ਹੂਰ ਕੋਲੰਬੀਆਂ ਯੂਨੀਵਰਸਿਟੀ ਵਿਖੇ ਪੜ੍ਹਨ ਲਈ ਗਏ ਸਨ। ਉਨ੍ਹਾਂ ਨੇ ਓਥੇ ਅਰਥਸ਼ਾਸਤਰ ਵਿੱਚ ਪਹਿਲਾਂ MA ਫਿਰ Phd ਕੀਤੀ। ਇਸ ਦੇ ਬਾਅਦ ਉਹ ਅੱਗੇ ਹੋਰ ਪੜ੍ਹਾਈ ਕਰਨ ਦੇ ਲਈ ਇੰਗਲੈਂਡ ਗਏ, ਜਿੱਥੇ ਉਨ੍ਹਾਂ ਨੇ ਅਰਥਸ਼ਾਸਤਰ ਵਿੱਚ ਹੀ MSc ਅਤੇ DSc ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ Barrister-At-Law ਵੀ ਕੀਤਾ।
ਇਸ ਤਰ੍ਹਾਂ ਉਹ ਦੁਨੀਆਂ ਦੀਆਂ ਸਭ ਤੋਂ ਬਿਹਤਰੀਨ ਯੂਨੀਵਰਸਿਟੀਆਂ ਵਿੱਚ ਡਿਗਰੀਆਂ ਲੈਕੇ ਵਾਪਸ ਆਪਣੇ ਲੋਕਾਂ ਵਿੱਚ ਆਏ। ਜੇਕਰ ਉਹ ਚਾਹੁੰਦੇ ਤਾਂ ਅਮਰੀਕਾ ਯਾ ਇੰਗਲੈਂਡ ਵਿੱਚ ਪ੍ਰੋਫੈਸਰ ਬਣਕੇ, ਐਸ਼ੋ ਆਰਾਮ ਦੀ ਜ਼ਿੰਦਗੀ ਗੁਜਾਰਦੇ। ਲੇਕਿਨ ਉਨ੍ਹਾਂ ਨੇ ਆਪਣੀ ਪੜ੍ਹਾਈ ਦਾ ਫਾਇਦਾ ਆਪਣੇ ਸਮਾਜ ਅਤੇ ਦੇਸ਼ ਨੂੰ ਪਹੁੰਚਾਇਆ, ਜਿਸ ਨਾਲ ਅੱਜ ਕਰੋੜਾਂ ਲੋਕਾਂ ਦਾ ਜੀਵਨ ਖੁਸ਼ਹਾਲ ਹੋਇਆ।
ਲੇਕਿਨ ਜੇਕਰ ਅਸੀਂ ਪੰਜਾਬ ਤੋਂ ਹੋ ਰਹੇ ਪਰਵਾਸ ਊਪਰ ਗੌਰ ਕਰੀਏ ਤਾਂ ਰੁਝਾਨ ਇਸ ਦੇ ਬਿਲਕੁਲ ਉਲਟ ਹੈ।
ਪਹਿਲੀ ਗੱਲ ਤਾਂ ਐਥੋਂ ਜਾਣ ਵਾਲੇ ਜਿਆਦਾਤਰ ਲੋਕ, ਸਿਰਫ਼ ਕਿਸੇ ਤਰ੍ਹਾਂ ਬਾਹਰ ਪਹੁੰਚ ਜਾਣਾ ਚਾਹੁੰਦੇ ਹਨ। ਉਨ੍ਹਾਂ ਦਾ ਮਕਸਦ ਓਥੇ ਜਾਂਕੇ ਉਚੇਰੀ ਸਿੱਖਿਆ ਹਾਸਿਲ ਕਰਨਾ ਨਹੀਂ ਬਲਕਿ ਕਿਸੇ ਤਰ੍ਹਾਂ ਹੱਡ-ਤੋੜਵੀਂ ਮਿਹਨਤ ਕਰਕੇ ਪੈਸੇ ਕਮਾਉਣਾ ਹੈ। ਦੂਜਾ, ਉਹ ਵਾਪਸ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਵਿੱਚ ਵਾਪਸ ਆਉਣ ਦੀ ਕੋਈ ਇੱਛਾ ਵੀ ਨਹੀਂ ਰੱਖਦੇ।
ਇਸ ਤਰ੍ਹਾਂ ਉਹ ਪੰਜਾਬ ਦੀ ਬਿਹਤਰੀ ਵਿੱਚ ਆਪਣਾ ਯੋਗਦਾਨ ਦੇਣ ਦੀ ਬਜਾਏ; ਅੱਗੇ ਚੱਲਕੇ ਆਪਣੇ ਇਤਿਹਾਸ, ਬੋਲੀ, ਸਭਿਆਚਾਰ ਸਭ ਨਾਲੋਂ ਹਮੇਸ਼ਾ ਲਈ ਟੁੱਟਦੇ ਜਾ ਰਹੇ ਹਨ।
ਇਸ ਕਰਕੇ ਸਾਨੂੰ ਬਾਬਾਸਾਹਿਬ ਤੋਂ ਸਬਕ ਲੈਂਦਿਆਂ ਹੋਏ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਹਾਸਿਲ ਕਰਨ ਦੇ ਲਈ ਹੀ ਜਾਣਾ ਚਾਹੀਦਾ ਹੈ ਨਾ ਕਿ ਓਥੇ ਕਿਸੇ ਤਰ੍ਹਾਂ ਪਹੁੰਚ ਕੇ ਹਮੇਸ਼ਾ ਵਾਸਤੇ ਰਹਿਣ ਦੇ ਲਈ। ਦੂਸਰਾ, ਸਾਨੂੰ ਉਸ ਸਿੱਖਿਆ ਨੂੰ ਹਾਸਿਲ ਕਰਕੇ ਵਾਪਸ ਆਪਣੇ ਲੋਕਾਂ, ਸਮਾਜ ਅਤੇ ਦੇਸ਼ ਵਿੱਚ ਆਉਣਾ ਚਾਹੀਦਾ ਹੈ। ਉਸ ਸਿੱਖਿਆ ਤੋਂ ਸਾਨੂੰ ਆਪਣੇ ਸਮਾਜ ਅਤੇ ਦੇਸ਼ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦੇ ਲਈ ਯਤਨ ਕਰਨਾ ਚਾਹੀਦਾ ਹੈ ਤਾਕਿ ਭਵਿੱਖ ਵਿੱਚ ਸਾਡੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਹੀ ਨਾ ਪਵੇ।
ਸਤਵਿੰਦਰ ਮਦਾਰਾ
Nov 15 2024