ਇਕ ਦਿਨ ਸਮੁੰਦਰ ਕੰਢੇ ਸੁਹੱਪਣ ਦੀ ਦੇਵੀ ਦੀ ਮੁਲਾਕਾਤ ਕਰੂਪਤਾ ਦੀ ਦੇਵੀ ਨਾਲ ਹੋ ਗਈ। ਇਕ ਨੇ ਦੂਜੀ ਨੂੰ ਆਖਿਆ,
“ਆਓ ਆਪਾਂ ਸਮੁੰਦਰ ਵਿਚ ਇਸ਼ਨਾਨ ਕਰੀਏ ।’
ਫਿਰ ਉਨ੍ਹਾਂ ਨੇ ਆਪਣੇ-ਆਪਣੇ ਕਪੜੇ ਉਤਾਰੇ ਤੇ ਸਮੁੰਦਰ ਵਿਚ ਤਰਨ ਲੱਗੀਆਂ ।
ਕੁਝ ਸਮੇਂ ਮਗਰੋਂ ਕਰੂਪਤਾ ਦੀ ਦੇਵੀ ਸਮੁੰਦਰੋਂ ਬਾਹਰ ਨਿਕਲੀ ਅਤੇ ਚੁੱਪ-ਚਾਪ ਸੁਹੱਪਣ ਦੀ ਦੇਵੀ ਦੇ ਕਪੜੇ ਪਾ ਕੇ ਖਿਸਕ ਗਈ ।
ਜਦੋਂ ਸੁਹੱਪਣ ਦੀ ਦੇਵੀ ਸਮੁੰਦਰ ਵਿਚੋਂ ਬਾਹਰ ਨਿਕਲੀ ਤਾਂ ਉਸ ਨੇ ਦੇਖਿਆ ਮੇਰੇ ਕਪੜੇ ਇਥੇ ਨਹੀਂ ਹਨ । ਨਂਗੇ ਰਹਿਣਾ ਉਸ ਨੂੰ ਚੰਗਾ ਨਹੀਂ ਸੀ ਲਗਦਾ । ਹੁਣ ਉਸ ਲਈ ਕਰੂਪਤਾ ਦੀ ਦੇਵੀ ਦੇ ਕਪੜੇ ਪਹਿਨਣ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਰਹਿ ਗਿਆ। ਲਾਚਾਰ ਹੋ ਕੇ ਉਸ ਨੇ ਉਹੀ ਕਪੜੇ ਪਹਿਨ ਲਏ ਅਤੇ ਉਥੋਂ ਚਲ ਪਈ ।
ਅੱਜ ਤਕ ਲੋਕ ਉਸ ਨੂੰ ਪਛਾਨਣ ਵਿਚ ਧੋਖਾ ਖਾ ਜਾਂਦੇ ਹਨ।
ਪਰ ਕੁਝ ਵਿਅਕਤੀ ਜ਼ਰੂਰ ਅਜਿਹੇ ਹਨ, ਜਿਨ੍ਹਾਂ ਨੇ ਸੁਹੱਪਣ ਦੀ ਦੇਵੀ ਨੂੰ ਦੇਖਿਆ ਹੋਇਆ ਹੈ ਅਤੇ ਉਸ ਦਾ ਪਹਿਰਾਵਾ ਬਦਲਿਆ ਹੋਣ ਤੇ ਵੀ ਉਸ ਨੂੰ ਪਛਾਣ ਲੈਂਦੇ ਹਨ।
ਅਤੇ ਇਹ ਵੀ ਵਿਸ਼ਵਾਸ਼ ਨਾਲ ਆਖਿਆ ਜਾ ਸਕਦਾ ਹੈ ਕਿ ਕੁਝ ਲੋਕ ਅਜਿਹੇ ਵੀ ਜ਼ਰੂਰ ਹੋਣਗੇ, ਜਿਨ੍ਹਾਂ ਨੇ ਕਰੂਪਤਾ ਦੀ ਦੇਵੀ ਨੂੰ ਵੀ ਦੇਖਿਆ ਹੋਵੇਗਾ ਤੇ ਉਸ ਦਾ ਪਹਿਰਾਵਾ, ਉਸ ਨੂੰ ਉਨ੍ਹਾਂ ਦੀ ਨਜ਼ਰ ਤੋਂ ਲੁਕਾ ਨਹੀਂ ਸਕਦਾ ਹੋਵੇਗਾ।
ਖ਼ਲੀਲ ਜ਼ਿਬਰਾਨ