ਜੋ ਕੌਮ ਦੇ ਗ਼ਮ ਅੰਦਰ ਬੀਮਾਰ ਨਹੀਂ ਹੁੰਦਾ,
ਉਸ ਗੱਭਰੂ ਨੂੰ ਜੀਣੇ ਦਾ ਅਧਿਕਾਰ ਨਹੀਂ ਹੁੰਦਾ।
ਲਾਹਣਤ ਹੈ ਜਵਾਨੀ ਤੇ, ਜੇ ਖੂਨ ਦੀ ਗਰਮੀ ਵਿਚ,
ਜ਼ਿੰਦ ਜਾਨ ਲੁਟਾਵਣ ਦਾ ਇਸਰਾਰ(ਜ਼ਿੱਦ) ਨਹੀਂ ਹੁੰਦਾ।
ਦਿਲ ਵਾਲੇ ਜਦੋਂ ਤੀਕਰ ਸਿਰ ਤੇ ਨਾ ਕੱਫ਼ਣ ਬੰਨ੍ਹਣ,
ਆਜ਼ਾਦੀ ਦਾ ਸੁਪਨਾ ਵੀ ਸਾਕਾਰ ਨਹੀਂ ਹੁੰਦਾ।
ਉਹ ਤੋੜ ਦਿਖਾਂਦੇ ਨੇ ਅਰਸ਼ਾਂ ਦੇ ਸਿਤਾਰੇ ਵੀ,
ਤੂਫ਼ਾਨ ਉਨ੍ਹਾਂ ਅੱਗੇ ਦੀਵਾਰ ਨਹੀਂ ਹੁੰਦਾ।
ਬੇਕਾਰ ਦਾ ਬੂਝਾ ਏ, ਇਕ ਰਾਹ ਦਾ ਪੱਥਰ ਏ,
ਉਹ ਦਿਲ ਜੋ ਗੁਲਾਮੀ ਤੋਂ ਬੇਜ਼ਾਰ(ਅੱਕ ਜਾਣਾ)ਨਹੀਂ ਹੁੰਦਾ।
ਸੀਨਾ ਜੇ ਨਹੀਂ ਖਾਲੀ ਜ਼ਜ਼ਬਾਤ ਦੀ ਦੌਲਤ ਤੋਂ,
ਕੁਝ ਵੀ ਨਾ ਰਵੇ ਪੱਲੇ ਨਾਦਾਰ(ਕੰਗਾਲ) ਨਹੀਂ ਹੁੰਦਾ।
ਤਨ ਵਾਰ ਕੇ ਮਿਲਦੀ ਏ ਸੌਗਾਤ ਸਫ਼ਲਤਾ ਦੀ,
ਜੇ ਬੀ ਨਾ ਮਿਲੇ ਘੱਟੇ ਗੁਲਜ਼ਾਰ ਨਹੀਂ ਹੁੰਦਾ।
ਹਿੰਮਤ ਦੇ ਧਨੀ ‘ਪ੍ਰੀਤਮ’ ਚੰਨ ਤੀਕ ਵੀ ਜਾ ਪਹੁੰਚੇ,
ਕੱਸੋ ਜੇ ਕਮਰ ਕੁਝ ਵੀ ਦੁਸ਼ਵਾਰ(ਮੁਸ਼ਕਿਲ) ਨਹੀਂ ਹੁੰਦਾ।
ਪ੍ਰੀਤਮ ਰਾਮਦਾਸਪੁਰੀ