ਦਲਿਤ ਅਤੇ ਸ਼ੋਸ਼ਿਤ ਸਮਾਜ ਦੇ ਲੋਕ ਲਗਭਗ ਸਾਰੇ ਦੇਸ਼ ਦੇ ਕੋਨੇ-ਕੋਨੇ ਵਿੱਚ ਆਪਣੀ ਸਥਿਤੀ ਨੂੰ ਸੁਧਾਰਨ ਦੇ ਲਈ ਅਤੇ ਅਨਿਆਂ ਦੇ ਵਿਰੁੱਧ ਲੜਾਈ ਦੇ ਲਈ ਯਤਨ ਕਰ ਰਹੇ ਹਨ। ਪਰ ਹਿੰਦੂ ਜਾਤੀਵਾਦੀ ਪ੍ਰੈਸ ਦੁਆਰਾ ਇਨ੍ਹਾਂ ਯਤਨਾਂ ਦੀ ਖਬਰਾਂ ਨੂੰ ਬਲੈਕ ਆਊਟ ਕੀਤਾ ਜਾਂਦਾ ਹੈ। ਸਾਡੇ ਦੁਆਰਾ ਜੋ ਵੀ ਯਤਨ ਦਿੱਲੀ ਵਿੱਚ ਕੀਤੇ ਜਾਂਦੇ ਹਨ, ਉਨ੍ਹਾਂ ਦੀ ਜਾਣਕਾਰੀ ਸਾਡੇ ਇੰਨੇ ਨਜ਼ਦੀਕ ਰਹਿਣ ਵਾਲੇ ਅੰਬਾਲੇ ਦੇ ਸਾਡੇ ਭਰਾਵਾਂ ਨੂੰ ਵੀ ਨਹੀਂ ਹੁੰਦੀ। ਦੇਸ਼ ਦੇ ਦੂਰ-ਦਰਾਜ ਖੇਤਰਵਾਸੀਆਂ ਦੇ ਬਾਰੇ ਤਾਂ ਕੀ ਕਹੀਏ?
6 ਦਸੰਬਰ, 1968 ਨੂੰ ਹੈਦਰਾਬਾਦ ਵਿੱਚ ਆਦਿ ਆਂਧਰਾ ਸੰਮੇਲਨ ਵਿੱਚ ਕਾਫੀ ਸੰਖਿਆ ਵਿੱਚ ਲੋਕਾਂ ਨੇ ਭਾਗ ਲਿਆ ਸੀ। ਪਰ ਇਸ ਖਬਰ ਨੂੰ ਬਲੈਕ ਆਊਟ ਕੀਤਾ ਗਿਆ ਅਤੇ ਇਸਦਾ ਸਾਨੂੰ ਕਈ ਸਾਲਾਂ ਬਾਅਦ ਪਤਾ ਲੱਗਿਆ। ਉਹ ਵੀ ਤਦ ਜਦ ਖੁਦ ਦਲਿਤ ਭਾਰਤੀਆਂ ਨੇ ਇਸਦਾ ਪੈਂਫਲੈਟ ਪੇਸ਼ ਕੀਤਾ। ਉਸ ਆਦਿ ਆਂਧਰਾ ਸੰਮੇਲਨ ਵਿੱਚ ਇਹ ਘੋਸ਼ਣਾ ਹੋਈ ਸੀ ਕਿ ਅਨੁਸੂਚਿਤ ਜਨਜਾਤੀਆਂ ਦਾ ਅਖਿਲ ਭਾਰਤੀ ਸੰਮੇਲਨ ਜਾਂ ਤਾਂ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇ ਜਾਂ ਹੈਦਰਾਬਾਦ ਵਿੱਚ। ਪਰ ਹੈਦਰਾਬਾਦ ਦੇ ਬਾਹਰ ਦੇ ਲੋਕਾਂ ਨੂੰ ਇਸ ਘੋਸ਼ਣਾ ਦਾ ਪਤਾ ਹੀ ਨਹੀਂ ਲੱਗਾ ਅਤੇ ਪ੍ਰਸਤਾਵਿਤ ਅਤੇ ਬਹੁਤ ਜ਼ਰੂਰੀ ਸੰਮੇਲਨ ਨਹੀਂ ਹੋ ਸਕਿਆ। ਜੋ ਹੋਣਾ ਸੀ ਉਹੀ ਹੋਇਆ। ਆਦਿ ਆਂਧਰਾ ਸੰਮੇਲਨ ਨੂੰ ਆਯੋਜਿਤ ਕਰਨ ਵਾਲੇ ਆਯੋਜਕ ਇੰਦਰਾ ਗਾਂਧੀ ਨੂੰ ਗਾਲ੍ਹਾਂ ਕੱਢਦੇ ਅਤੇ ਬੁਰਾ ਭਲਾ ਬੋਲਦੇ ਹੋਏ ਉਸੇ ਦੇ ਪੈਰਾਂ ਵਿੱਚ ਡਿੱਗ ਪਏ। ਅਤੇ ਅੱਜ ਉਹ ‘ਮਦਰ ਇੰਡੀਆ’ ਦੇ ਭਗਤ ਹਨ। ਸਾਨੂੰ ਦੱਸਿਆ ਗਿਆ ਕਿ ਉਹ ‘ਮਦਰ ਇੰਡੀਆ’ ਦੀ ਪੂਜਾ ਇੱਕ ਅਜਿਹੇ ਮੰਦਰ ਵਿੱਚ ਕਰਦੇ ਹਨ, ਜਿਸਨੂੰ ਭੀਮ ਭਵਨ ਕਹਿੰਦੇ ਹਨ, ਜੋ ਕਿਸੇ ਹੋਰ ਦੇਵਤਾ ਦੇ ਲਈ ਬਣਾਇਆ ਗਿਆ ਹੈ।
1964-65 ਦੇ ਦੌਰਾਨ ਪਿੱਛੜੇ ਸਮਾਜ ਦੇ ਲੋਕ ਆਰ. ਪੀ. ਆਈ. ਦੇ ਰਾਹੀਂ ਇਕੱਠੇ ਹੋਏ ਅਤੇ ਆਪਣੇ ਦੁੱਖਾਂ ਨੂੰ ਦੂਰ ਕਰਨ ਅਤੇ ਹੱਕਾਂ ਦੇ ਲਈ ਸੰਘਰਸ਼ ਕੀਤੇ। ਇਸ ਅੰਦੋਲਨ ਵਿੱਚ ਭਾਵੇਂ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਗਿ੍ਰਫ਼ਤਾਰੀ ਦਿੱਤੀ, ਪ੍ਰੰਤੂ ਹਿੰਦੂ ਜਾਤੀਵਾਦੀ ਪ੍ਰੈਸ ਨੇ ਥੋੜ੍ਹਾ ਹੀ ਸਮਾਚਾਰ ਦਿੱਤਾ।
ਸ਼੍ਰੀ ਇਲਿਯਾ ਪੇਰੂਮਲ ਅਤੇ ਹੋਰ ਬਹੁਤ ਸਾਰੇ ਲੋਕ, ਦਲਿਤ ਭਾਰਤੀਆਂ ਨੂੰ ਨਿਆਂ ਦੇ ਲਈ ਸਖਤ ਯਤਨ ਕਰ ਰਹੇ ਹਨ, ਪਰ ਉਨ੍ਹਾਂ ਦੇ ਯਤਨਾਂ ਨੂੰ ਬਹੁਤ ਘੱਟ ਪ੍ਰਚਾਰ ਮਿਲ ਸਕਿਆ। ਸ੍ਰੀ ਪੇਰੂਮਲ ਨੂੰ ਕਾਫੀ ਪ੍ਰਚਾਰ ਮਿਲਿਆ ਜਦ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਕੀਤਾ ਅਤੇ ਉਨ੍ਹਾਂ ਨੂੰ ਉਸਦਾ ਪ੍ਰਧਾਨ ਬਣਾ ਦਿੱਤਾ, ਪਰ ਕਮੇਟੀ ਦੀ ਰਿਪੋਰਟ ਜਾਰੀ ਹੋਣ ਦੇ ਬਾਅਦ ਸ੍ਰੀ ਪੇਰੂਮਲ ਦੇ ਯਤਨ ਫਿਰ ਹਨੇਰੇ ਵਿੱਚ ਗਵਾਚ ਗਏ ਕਿਉਕਿ ਰਿਪੋਰਟ ਵਿੱਚ ਜਾਤੀਵਾਦੀ ਹਿੰਦੂ ਅਤੇ ਉਨ੍ਹਾਂ ਦੀਆਂ ਦੋਨੋਂ ਸਰਕਾਰਾਂ ਕੇਂਦਰ ਦੀ ਤੇ ਰਾਜਾਂ ਦੀ ਪੋਲ ਖੋਲ੍ਹ ਦਿੰਦੀਆਂ ਸਨ।
ਦਲਿਤ ਭਾਰਤੀਆਂ ਦੁਆਰਾ ਦੇਸ਼ ਦੇ ਹਰੇਕ ਹਿੱਸੇ ਵਿੱਚ ਕੀਤੇ ਗਏ ਇਨ੍ਹਾਂ ਲੋਕਾਂ ਦੇ ਅਜਿਹੇ ਸਾਰੇ ਯਤਨ ਇੱਕ ਵੱਡੇ ਤੇ ਠੋਸ ਸੰਗਠਨ ਦਾ ਅਕਾਰ ਲੈ ਸਕਦੇ ਸਨ, ਪਰ ਇਨ੍ਹਾਂ ਦੀਆਂ ਖਬਰਾਂ ਦਾ ਬਲੈਕ ਆਊਟ ਕੀਤੇ ਜਾਣ ਨਾਲ ਉਹ ਅਲੱਗ-ਅਲੱਗ ਅਤੇ ਹਨੇਰੇ ਵਿੱਚ ਰਹੇ। ਦਲਿਤ ਭਾਰਤੀਆਂ ਦੀ ਮਾਲਕੀ ਅਤੇ ਸੰਚਾਲਿਤ ਹੋਣ ਵਾਲੀ ਸਮਾਚਾਰ ਸੇਵਾ ਨਾਲ ਇਸ ਪ੍ਰਕਾਰ ਅਲਗਾਅ ਅਤੇ ਹਨੇਰਾ ਦੂਰ ਕੀਤਾ ਜਾ ਸਕਦਾ ਹੈ।
ਸਾਹਿਬ ਕਾਂਸ਼ੀ ਰਾਮ
ਦਿ ਆਪ੍ਰੇਸਡ ਇੰਡੀਅਨ- ਸਾਹਿਬ ਕਾਂਸ਼ੀ ਰਾਮ ਦੇ ਸੰਪਾਦਕੀ ਲੇਖ
ਅਪ੍ਰੈਲ, 1979
ਜੈ ਭੀਮ ਨਮੋ budhyaye